29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਗੈਰਕਾਨੂੰਨੀ ਨਸ਼ਾ ਛੁਡਾਊ ਕੇਂਦਰ 'ਤੇ ਸਿਹਤ ਵਿਭਾਗ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ 'ਚ ਮਾਰਿਆ ਛਾਪਾ, 22 ਨੌਜਵਾਨਾਂ ਨੂੰ ਛੁਡਵਾਇਆ

Ad Position 21
No active advertisement
ਅਜੀਤ ਡੈਸਕ 06-04-2026

ਰਾਏਕੋਟ, 5 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਬਿਨ੍ਹਾਂ ਮਨਜ਼ੂਰੀ ਦੇ ਚੱਲਦੇ ਨਸ਼ਾ ਛਡਾਊ ਕੇਂਦਰ ਉੱਪਰ ਸਿਹਤ ਵਿਭਾਗ ਦੀ ਟੀਮ ਅਤੇ ਪੁਲਿਸ ਪ੍ਰਸ਼ਾਸਨ ਨੇ ਛਾਪਾ ਮਾਰਿਆ ਅਤੇ ਨਸ਼ਾ ਛਡਾਊ ਕੇਂਦਰ ਵਿਚੋਂ 22 ਨੌਜਵਾਨਾਂ ਨੂੰ ਮੁਕਤ ਕਰਵਾਇਆ | ਅੱਜ ਬਾਅਦ ਦੁਪਹਿਰ ਥਾਣਾ ਹਠੂਰ ਦੇ ਐੱਸ.ਐੱਚ.ਓ ਕੁਲਦੀਪ ਕੁਮਾਰ ਨੂੰ ਗੁਪਤ ਜਾਣਕਾਰੀ ਮਿਲੀ ਸੀ ਕਿ ਉਨ੍ਹਾਂ ਦੇ ਅਧੀਨ ਪੈਂਦੇ ਪਿੰਡ ਝੋਰੜਾਂ ਵਿਖੇ ਵਸੋਂ ਵਾਲੇ ਏਰੀਏ ਵਿਚ ਬਿਨ੍ਹਾਂ ਮਨਜ਼ੂਰੀ ਦੇ ਨਸ਼ਾ ਛਡਾਊ ਕੇਂਦਰ ਚੱਲ ਰਿਹਾ ਹੈ, ਜਿਸ ਵਿਚ ਵੱਡੀ ਗਿਣਤੀ 'ਚ ਨੌਜਵਾਨਾਂ ਦਾ ਨਸ਼ਾ ਛੁਡਾਉਣ ਦੀ ਆੜ੍ਹ ਹੇਠਾਂ ਮਾਨਸਿਕ ਤੇ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹੈ | ਇਸ ਮਾਮਲੇ ਸਬੰਧੀ ਐੱਸ.ਐੱਚ.ਓ. ਹਠੂਰ ਕੁਲਦੀਪ ਕੁਮਾਰ ਨੇ ਡੀ.ਐੱਸ.ਪੀ. ਰਾਏਕੋਟ ਹਰਜਿੰਦਰ ਸਿੰਘ ਨੂੰ ਜਾਣਕਾਰੀ ਦਿੱਤੀ | ਜਿਸ ਦੇ ਅਧਾਰ 'ਤੇ ਡੀ.ਐੱਸ.ਪੀ. ਰਾਏਕੋਟ ਨੇ ਇਹ ਮਸਲੇ ਸਬੰਧੀ ਸਿਵਲ ਸਰਜਨ ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਉਨ੍ਹਾਂ ਦੇ ਨਿਰਦੇਸ਼ਾਂ 'ਤੇ ਇਕ ਟੀਮ (ਜਿਸ ਵਿਚ ਡਾ: ਦਵਿੰਦਰ ਕੁਮਾਰ ਐੱਸ.ਐੱਮ.ਓ ਸੁਧਾਰ, ਡਾ: ਵਿਸ਼ਾਲ ਮੈਡੀਕਲ ਅਫ਼ਸਰ ਸੁਧਾਰ, ਡਾ: ਹਰਕਮਲ ਕੌਰ ਦਿਮਾਗੀ ਡਾਕਟਰ ਰਾਏਕੋਟ, ਰੂਪਪ੍ਰੀਤ ਕੌਰ ਡਰੱਗ ਇੰਸਪੈਕਟਰ ਜਗਰਾਉਂ) ਨੂੰ ਨਾਲ ਲੈ ਕੇ ਡੀ.ਐੱਸ.ਪੀ ਹਰਜਿੰਦਰ ਸਿੰਘ ਅਤੇ ਥਾਣਾ ਹਠੂਰ ਦੇ ਐੱਸ.ਐੱਚ.ਓ ਕੁਲਦੀਪ ਕੁਮਾਰ ਨੇ ਉਕਤ ਨਸ਼ਾ ਛਡਾਉ ਕੇਂਦਰ 'ਤੇ ਛਾਪੇਮਾਰੀ ਕੀਤੀ | ਇਸ ਛਾਪੇਮਾਰੀ ਦੌਰਾਨ ਸਮੁੱਚੀ ਟੀਮ ਨੂੰ ਬੜੀ ਹੈਰਾਨੀ ਹੋਈ ਕਿ ਇਕ ਛੋਟੀ ਜਿਹੀ ਖੰਡਰਨੁਮਾ ਜਗ੍ਹਾ ਜਿਸ ਵਿਚ ਕੁੱਲ 3 ਕਮਰੇ ਹੀ ਸਨ, ਉਸ ਵਿਚ 22 ਨੌਜਵਾਨ ਕੁੱਕੜਾਂ ਵਾਂਗ ਤਾੜੇ ਹੋਏ ਮਿਲੇ | ਇਸ ਖੰਡਰਨੁਮਾ ਇਮਾਰਤ 'ਚ ਨਾ ਕੋਈ ਪਲੱਸਤਰ ਅਤੇ ਨਾ ਹੀ ਕੋਈ ਫਰਸ਼ ਲੱਗੇ ਹੋਏ ਸਨ, ਨਾ ਹੀ ਕੋਈ ਫਰਨੀਚਰ ਦੇ ਪ੍ਰਬੰਧ ਸਨ, 22 ਨੌਜਵਾਨ ਥੱਲੇ ਗੱਦੇ ਸੁੱਟ ਕੇ ਛੋਟੀ ਜਿਹੀ ਜਗ੍ਹਾ ਵਿਚ ਤੜ੍ਹੇ ਹੋਏ ਰਹਿ ਰਹੇ ਸਨ | ਛੋਟੇ-ਛੋਟੇ 2 ਬਾਥਰੂਮ ਤੇ ਨਹਾਉਣ ਲਈ ਇਕ ਹੀ ਜਗ੍ਹਾ ਦਾ ਪ੍ਰਬੰਧ ਸੀ | ਰੇਡ ਕਰਨ ਵਾਲੀ ਟੀਮ ਨੂੰ ਉੱਥੇ ਉੱਠਦੀ ਬਦਬੂ ਕਾਰਨ ਠਹਿਰਨਾ ਕਾਫ਼ੀ ਮੁਸ਼ਕਿਲ ਹੋ ਗਿਆ ਸੀ | ਚੰਗੀ ਤਰ੍ਹਾਂ ਛਾਣ-ਬੀਣ ਕਰਨ ਉਪਰੰਤ ਮਕਾਨ ਵਿਚ 3-4 ਖੜ੍ਹੀਆਂ ਗੱਡੀਆਂ ਵਿਚੋਂ ਕੁਝ ਇਤਰਾਜ਼ਯੋਗ ਦਵਾਈਆਂ ਵੀ ਮਿਲੀਆਂ | ਇਸ ਸੈਂਟਰ ਨੂੰ ਚਲਾਉਣ ਵਾਲੇ ਸਿਮਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਮਹੀਨੇ ਦਾ ਪ੍ਰਤੀ ਨੌਜਵਾਨ ਤੋਂ 7 ਹਜ਼ਾਰ ਰੁਪਏ ਲੈ ਕੇ ਨਸ਼ਾ ਛੁਡਾਉਣ ਦਾ ਕੰਮ ਕਰਦਾ ਹੈ, ਇਹ ਕੰਮ ਪਿਛਲੇ 20-22 ਦਿਨਾਂ ਤੋਂ ਹੀ ਸ਼ੁਰੂ ਕੀਤਾ ਗਿਆ ਸੀ | ਪੱਤਰਕਾਰਾਂ ਵਲੋਂ ਕੋਈ ਮਨਜ਼ੂਰੀ ਵਗੈਰਾ ਪੁੱਛੇ ਜਾਣ ਦੇ ਸਵਾਲ 'ਤੇ ਉਸਨੇ ਦੱਸਿਆ ਕਿ ਉਹ ਜਲਦੀ ਹੀ ਸੈਂਟਰ ਨੂੰ ਚਲਾਉਣ ਲਈ ਲੋੜੀਂਦੀ ਮਨਜ਼ੂਰੀ ਲੈਣ ਵਾਲਾ ਸੀ | ਉਸਨੇ ਇਹ ਵੀ ਕਬੂਲ ਕੀਤਾ ਕਿ ਉਹ ਆਪ ਵੀ 3 ਸਾਲ ਪਹਿਲਾਂ ਨਸ਼ੇ ਦੀ ਦਲ-ਦਲ ਵਿਚੋਂ ਨਿਕਲਿਆ ਹੈ | ਹੈਲਥ ਮਹਿਕਮੇ ਵਲੋਂ ਜਦੋਂ ਪੁੱਛਿਆ ਗਿਆ ਕਿ ਉਸਨੂੰ ਨਸ਼ਾ ਛੁਡਾਉਣ ਬਾਰੇ ਕੋਈ ਤਜੁਰਬਾ ਹੈ ਤਾਂ ਉਸਨੇ ਚੁੱਪੀ ਸਾਧ ਲਈ | ਪੁਲਿਸ ਨੇ ਸਾਰੇ ਨੌਜਵਾਨਾਂ ਨੂੰ ਰੈਸੀਕਿਊ ਕਰਕੇ 108 ਐਬੂਲੈਂਸ ਰਾਹੀਂ ਸਿਵਲ ਹਸਪਤਾਲ ਜਗਰਾਉਂ ਦੇ ਨਸ਼ਾ ਛਡਾਊ ਕੇਂਦਰ ਵਿਚ ਭੇਜ ਦਿੱਤਾ |


Ad Position 22
No active advertisement
ਪਿਛਲੀ ਖ਼ਬਰ ਸੋਨਾਲੀਕਾ ਗਰੱੁਪ ਵਲੋਂ ਸਿਵਲ ਹਸਪਤਾਲ ਨੂੰ ਹੇਮੋਡਾਇਲਸਿਸ ਮਸ਼ੀਨ ਭੇਟ ਅਗਲੀ ਖ਼ਬਰ ਪਿੰਡ ਫਤਿਹਗੜ੍ਹ ਸਿਵੀਆਂ ਦੇ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਿਲ
Ad Position 24