ਜਗਰਾਉਂ, 5 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਨਾਨਕਸਰ ਸੰਪਰਦਾਇ ਦੇ ਮਹਾਂਪੁਰਖ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲਿਆਂ ਦੇ ਜਨਮ ਦਿਹਾੜੇ ਅਤੇ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੀ ਯਾਦ ਵਿਚ ਗੁਰਦੁਆਰਾ ਨਾਨਕਸਰ ਗੁਲਾਬੀ ਬਾਗ ਦਿੱਲੀ ਵਿਖੇ ਪੰਜ ਰੋਜ਼ਾ ਸਮਾਗਮ ਸਮਾਪਤ ਹੋਇਆ | ਇਹ ਸਮਾਗਮ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਦੀ ਦੇਖ-ਰੇਖ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ | ਜ਼ਿਕਰਯੋਗ ਹੈ ਕਿ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਵਾਲੇ ਅਪ੍ਰੈਲ 1961 ਨੂੰ ਗੁਲਾਬੀ ਬਾਗ ਵਿਖੇ ਆਏ ਤੇ ਤਿੰਨ ਮਹੀਨਿਆਂ ਤੋਂ ਵੱਧ ਇੱਥੇ ਤਿੰਨ ਇਕੋਤਰੀਆਂ ਸ੍ਰੀ ਅਖੰਡ ਪਾਠਾਂ ਦੀਆਂ ਲੜੀਆਂ ਅਤੇ ਦੀਵਾਨ ਸਜਾਏ ਸਨ | ਸੰਗਤਾਂ ਵਲੋਂ ਹਰ ਸਾਲ ਉਨ੍ਹਾਂ ਦਾ ਗੁਰਦੁਆਰਾ ਨਾਨਕਸਰ ਗੁਲਾਬੀ ਬਾਗ ਵਿਖੇ ਆਉਣ ਦੀ ਖੁਸ਼ੀ ਅਤੇ ਉਨ੍ਹਾਂ ਤੋਂ ਵਰੋਸਾਏ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਦੀ ਯਾਦ ਵਿਚ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਪੰਜ ਰੋਜ਼ਾ ਸਮਾਗਮ ਕਰਵਾਇਆ ਜਾਂਦਾ ਹੈ | ਇਸ ਸਮਾਗਮ ਵਿਚ ਦੂਸਰੀ ਲੜੀ ਤਹਿਤ ਸਜਾਏ ਸ੍ਰੀ ਅਖੰਡ ਪਾਠਾਂ ਦੇ ਭੋਗ ਪੈਣ ਉਪਰੰਤ ਦੀਵਾਨ ਸਜਾਏ ਗਏ | ਸੰਗਤਾਂ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਘਾਲਾ ਸਿੰਘ ਨਾਨਕਸਰ ਵਾਲਿਆਂ ਨੇ ਕਿਹਾ ਕਿ ਨਾਨਕਸਰ ਸੰਪਰਦਾਇ ਸ਼ਬਦ ਨੂੰ ਗੁਰੂ ਮੰਨਦੀ ਤੇ ਪ੍ਰਚਾਰ ਕਰਦੀ ਹੈ | ਉਨ੍ਹਾਂ ਕਿਹਾ ਕਿ ਹਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀਆਂ ਜੋ ਬੇਅਦਬੀਆਂ ਹੋ ਰਹੀਆਂ ਹਨ, ਉਹ ਹਰ ਸਿੱਖ ਲਈ ਅਸਹਿ ਹਨ | ਇੰਨ੍ਹਾਂ ਦੀ ਰੋਕਥਾਮ ਲਈ ਨਾਨਕ ਲੇਵਾ ਸੰਗਤਾਂ ਨੂੰ ਇਕ ਮੰਚ 'ਤੇ ਇਕੱਠਾ ਹੋਣਾ ਪਵੇਗਾ | ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬਾਨਾਂ ਨੇ ਪੂਰੀ ਲੋਕਾਈ ਦੀ ਪਹਿਰੇਦਾਰੀ ਕਰਨ ਦੀ ਸਾਨੂੰ ਗੁੜ੍ਹਤੀ ਦਿੱਤੀ ਹੈ | ਜੇਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਜਿੰਨ੍ਹਾਂ ਨੂੰ ਅਸੀਂ ਹਾਜ਼ਰ ਨਾਜ਼ਰ ਗੁਰੂ ਮੰਨਦੇ ਹਾਂ ਦੀ ਹੀ ਹਿਫ਼ਾਜ਼ਤ ਨਾ ਕਰ ਸਕੇ ਤਾਂ ਲੋਕਾਈ ਦੀ ਪਹਿਰੇਦਾਰੀ ਕੀ ਕਰਾਂਗੇ | ਇਸ ਮੌਕੇ ਉਨ੍ਹਾਂ ਸੰਤ ਬਾਬਾ ਈਸ਼ਰ ਸਿੰਘ ਨਾਨਕਸਰ ਅਤੇ ਸੰਤ ਬਾਬਾ ਨਰੈਣ ਸਿੰਘ ਨਾਨਕਸਰ ਵਾਲਿਆਂ ਵਲੋਂ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਪਾਏ ਯੋਗਦਾਨ ਪ੍ਰਤੀ ਵੀ ਸੰਗਤਾਂ ਨੂੰ ਜਾਣੂ ਕਰਵਾਇਆ | ਇਸ ਸਮਾਗਮ ਵਿਚ ਬਾਬਾ ਜੋਗਾ ਸਿੰਘ ਕਰਨਾਲ, ਬਾਬਾ ਅਰਜਨ ਸਿੰਘ ਪਟਿਆਲਾ, ਬਾਬਾ ਸ਼ੇਰ ਸਿੰਘ ਸੁਨਾਮ ਆਦਿ ਮਹਾਂਪੁਰਖਾਂ ਨੇ ਵੀ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿਚ ਭਾਈ ਵਾਹਿਗੁਰੂ ਸਿੰਘ ਗੁਲਾਬੀ ਬਾਗ, ਭਾਈ ਸਤਿਨਾਮ ਸਿੰਘ ਭਦੌੜ, ਭਾਈ ਗੁਰਪ੍ਰੀਤ ਸਿੰਘ, ਭਾਈ ਗੁਰਚਰਨ ਸਿੰਘ ਲਾਲ ਜੀ, ਭਾਈ ਹਰਜੋਤ ਸਿੰਘ ਜ਼ਖ਼ਮੀ, ਭਾਈ ਦੀਪ ਸਿੰਘ, ਭਾਈ ਸੁਭਾਸ਼ ਸਿੰਘ ਆਦਿ ਕੀਰਤਨੀ ਜਥਿਆਂ ਨੇ ਗੁਰਬਾਣੀ ਦਾ ਰਸਭਿੰਨ੍ਹਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਸਮਾਗਮ ਵਿਚ ਸੰਤ ਬਾਬਾ ਸੁਜਾਨ ਸਿੰਘ ਹੋਰਾਂ ਦੇ ਪਰਿਵਾਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਗੁਰਚਰਨ ਸਿੰਘ ਗੁਲਾਬੀ ਬਾਗ ਵਾਲਿਆਂ ਨੇ ਪਹੁੰਚੇ ਮਹਾਂਪੁਰਖਾਂ, ਸ਼ਖ਼ਸੀਅਤਾਂ, ਸੇਵਾਦਾਰਾਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਭਜਨ ਸਿੰਘ, ਸੁਰਿੰਦਰ ਸਿੰਘ, ਰਾਣਾ ਸਿੰਘ, ਕਮਲ ਸਿੰਘ, ਪਿ੍ੰਸ ਸਿੰਘ, ਜੋਤਪਾਲ ਸਿੰਘ ਕੈਨੇਡਾ ਵਾਲੇ, ਭਾਈ ਮਨਜੀਤ ਸਿੰਘ, ਕਰਨ ਸਿੰਘ ਚਾਨਣਾ, ਜਗਪ੍ਰੀਤ ਸਿੰਘ ਜੋਗੀ, ਸਤਵੰਤ ਸਿੰਘ ਅਮਰੀਕਾ ਵਾਲੇ, ਦੀਦਾਰ ਸਿੰਘ , ਗੇਜਾ ਸਿੰਘ, ਜਸਵਿੰਦਰ ਸਿੰਘ ਬਿੰਦੀ, ਜੱਸਾ ਸਿੰਘ, ਗੋਰਾ ਸਿੰਘ ਆਦਿ ਵੀ ਹਾਜ਼ਰ ਸਨ |