ਜਗਰਾਉਂ, 8 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਜੰਗਲਾਤ ਵਿਭਾਗ ਰੇਂਜ ਜਗਰਾਉਂ ਅਧੀਨ ਪੈਂਦੀਆਂ ਵੱਖ-ਵੱਖ ਸੱਤ ਨਰਸਰੀਆਂ ਵਿਚ ਕੁੱਲ 521202 ਛਾਂਦਾਰ, ਫ਼ਲਦਾਰ ਅਤੇ ਫੁੱਲਦਾਰ ਬੂਟੇ ਤਿਆਰ ਕੀਤੇ ਗਏ ਹਨ | ਇੰਨ੍ਹਾਂ ਬੂਟਿਆਂ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਅਲੱਗ-ਅਲੱਗ ਸਕੀਮਾਂ ਅਧੀਨ ਜੁਲਾਈ ਮਹੀਨੇ ਲਾਇਆ ਜਾਵੇਗਾ | ਇਸ ਮੌਕੇ ਵਣ ਰੇਂਜ ਅਫ਼ਸਰ ਸੁਖਪਾਲ ਸਿੰਘ ਨੇ ਕਿਹਾ ਕਿ ਰੁੱਖ਼ ਹੀ ਇਸ ਕਾਇਨਾਤ ਦੇ ਸੁਆਸ ਹਨ | ਇੰਨ੍ਹਾਂ ਤੋਂ ਬਿਨ੍ਹਾਂ ਜੋ ਅਸੀਂ ਦੇਖ ਅਤੇ ਮਹਿਸੂਸ ਕਰ ਰਹੇ ਹਾਂ, ਦੀ ਹੋਂਦ ਸੰਭਵ ਹੀ ਨਹੀਂ ਹੈ | ਇਸ ਲਈ ਰੁੱਖ਼ ਦੀ ਮਹੱਤਤਾ ਦਾ ਹਰ ਵਿਅਕਤੀ ਨੂੰ ਜਾਣੂ ਹੋਣਾ ਜ਼ਰੂਰੀ ਹੈ | ਉਨ੍ਹਾਂ ਦੱਸਿਆ ਕਿ ਇਸ ਮਕਸਦ ਲਈ ਸਾਨੂੰ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਜ਼ਰੂਰੀ ਹੈ ਕਿਉਂਕਿ ਜੋ ਬੂਟੇ ਅੱਜ ਅਸੀਂ ਲਾਏ ਹਨ, ਉਨ੍ਹਾਂ ਦਾ ਰਖ ਰਖਾਵ ਇਸ ਪੀੜ੍ਹੀ ਨੇ ਹੀ ਕਰਨਾ ਹੈ | ਉਨ੍ਹਾਂ ਦੱਸਿਆ ਕਿ ਵਣ ਵਿਭਾਗ ਰੇਂਜ ਜਗਰਾਉਂ ਅਧੀਨ ਅਖਾੜਾ, ਅਲੀਗੜ੍ਹ, ਨਾਨਕਸਰ, ਸੁਧਾਰ, ਜਲਾਲਦੀਵਾਲ, ਸਰਾਭਾ, ਸਿੱਧਵਾਂ ਬੇਟ ਨਰਸਰੀਆਂ ਵਿਚ 521202 ਵੱਖ-ਵੱਖ ਕਿਸਮਾਂ ਦੇ ਬੂਟੇ ਤਿਆਰ ਕੀਤੇ ਗਏ ਹਨ | ਇੰਨ੍ਹਾਂ ਬੂਟਿਆਂ ਨੂੰ ਜੁਲਾਈ ਮਹੀਨੇ ਇਲਾਕੇ ਅੰਦਰ ਵੱਖ-ਵੱਖ ਯੋਜਨਾਵਾਂ ਤਹਿਤ ਲਾਇਆ ਜਾਵੇਗਾ | ਉਨ੍ਹਾਂ ਸਮਾਜ ਦੇ ਵਰ ਵਰਗ ਨੂੰ ਇਸ ਪਵਿੱਤਰ ਕਾਰਜ ਲਈ ਯੋਗਦਾਨ ਪਾਉਣ ਦੀ ਅਪੀਲ ਕੀਤੀ | ਇਸ ਮੌਕੇ ਸੁਖਜਿੰਦਰ ਸਿੰਘ, ਰਵੀਇੰਦਰਜੀਤ ਸਿੰਘ, ਸੁਨੀਲ ਕੰਬੋਜ, ਨੀਰਜ ਕੁਮਾਰ, ਸੁਬੇਗ ਸਿੰਘ, ਸੁਖਮਿੰਦਰ ਸਿੰਘ, ਕਿ੍ਸ਼ਨ ਸਿੰਘ, ਅਮਰ ਕੌਰ, ਕੁਲਵਿੰਦਰ ਕੁਮਾਰ, ਅਵਤਾਰ ਸਿੰਘ, ਪੂਨਮ ਦੇਵੀ, ਲਵਪ੍ਰੀਤ ਕੌਰ ਆਦਿ ਹਾਜ਼ਰ ਸਨ |