ਜਗਰਾਉਂ, 8 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਗੁਰੂਸਰ ਕਾਉਂਕੇ ਦੇ ਗੁਰਦੁਆਰਾ ਸਾਹਿਬ ਪਾਤਿਸ਼ਾਹੀ ਛੇਵੀਂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜ਼ਿਲ੍ਹਾ ਲੁਧਿਆਣਾ ਦੀ ਸਿੱਖਿਆ ਮੀਟਿੰਗ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਅਤੇ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਸਮੇਂ ਸਭ ਤੋਂ ਪਹਿਲਾਂ ਕਿਸਾਨ ਲਹਿਰ ਤੋਂ ਹੁਣ ਤੱਕ ਵਿਛੋੜਾ ਦੇ ਗਏ ਆਗੂ ਸਾਥੀਆਂ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਗਾਲਿਬ, ਗੁਰਮੇਲ ਸਿੰਘ ਗਾਲਿਬ, ਗੁਰਮੇਲ ਸਿੰਘ ਭਰੋਵਾਲ ਸਮੇਤ ਦਿੱਲੀ ਅੰਦੋਲਨ ਦੌਰਾਨ ਵਿਛੜ ਗਏ ਕਿਸਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ | ਸੈਂਕੜੇ ਕਿਸਾਨਾਂ ਅਤੇ ਬੀਬੀਆਂ ਦੀ ਸ਼ਮੂਲੀਅਤ ਵਾਲੀ ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਅਤੇ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਭਦੌੜ ਨੇ ਕਿਸਾਨਾਂ ਅਤੇ ਮਜ਼ਦੂਰਾਂ ਦੀ ਹੋ ਰਹੀ ਲੁੱਟ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਬੁਲਾਰਿਆਂ ਨੇ ਦੱਸਿਆ ਕਿ ਖੇਤਾਂ ਅਤੇ ਕਾਰਖਾਨਿਆਂ ਵਿਚ ਪੈਦਾਵਾਰ ਕਰਨ ਵਾਲਿਆਂ ਦੀ ਕਾਰਪੋਰੇਟਾਂ ਵਲੋਂ ਲੁੱਟ ਲੰਬੇ ਸਮੇਂ ਤੋਂ ਜਾਰੀ ਹੈ ਅਤੇ ਸਾਲ ਦਰ ਸਾਲ ਇਸ ਲੁੱਟ ਵਿਚ ਵਾਧਾ ਹੋ ਰਿਹਾ ਹੈ | ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕਿਸਾਨਾਂ-ਮਜ਼ਦੂਰਾਂ ਸਿਰ ਜਿੰਨਾਂ ਕੁੱਲ ਕਰਜ਼ਾ ਹੈ ਉਸ ਤੋਂ ਕਈ ਗੁਣਾ ਜ਼ਿਆਦਾ ਠੱਗੀ ਫ਼ਸਲਾਂ ਦੇ ਘੱਟ ਭਾਅ ਦੇ ਕੇ ਕਿਸਾਨਾਂ ਨਾਲ ਮਾਰੀ ਗਈ ਹੈ | ਅਸਲ ਵਿਚ ਕਾਰਪੋਰੇਟ ਘਰਾਣੇ ਅਸਿੱਧੇ ਰੂਪ ਵਿਚ ਰਾਜ ਸੱਤਾ 'ਤੇ ਕਾਬਜ਼ ਹਨ ਅਤੇ ਰਾਜ ਦੇ ਸਾਰੇ ਅੰਗ ਸਰਕਾਰ, ਅਦਾਲਤਾਂ ਅਤੇ ਸੁਰੱਖਿਆ ਫੋਰਸਾਂ ਕਿਸਾਨਾਂ-ਮਜ਼ਦੂਰਾਂ ਦੀ ਲੁੱਟ ਨੂੰ ਕਾਇਮ ਰੱਖਣ ਦੇ ਹੀ ਸਾਧਨ ਹਨ | ਉਕਤ ਆਗੂਆਂ ਨੇ ਇਸ ਲੁੱਟ ਤੋਂ ਨਿਜ਼ਾਤ ਪਾਉਣ ਅਤੇ ਆਪਣੀ ਜ਼ਿੰਦਗੀ ਬਿਹਤਰ ਬਣਾਉਣ ਲਈ ਜਥੇਬੰਦਕ ਸੰਘਰਸ਼ਾਂ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਇਤਿਹਾਸਿਕ ਉਦਾਹਰਣਾਂ ਰਾਹੀਂ ਦੱਸਿਆ ਕਿ ਜਦੋਂ ਵੀ ਲੋਕ ਇਕੱਠੇ ਹੋਏ ਹਨ ਤਾਂ ਉਨਾਂ ਵੱਡੇ ਸੰਘਰਸ਼ ਨਾਲ ਆਪਣੇ ਹੱਕ ਹਾਸਲ ਕੀਤੇ ਹਨ | ਹੁਣ ਵੀ ਮੁਕਤ ਵਪਾਰ ਸਮਝੌਤਾ ਕਰਕੇ ਕਿਸਾਨੀ ਨੂੰ ਬਰਬਾਦ ਕਰਨ ਦੀ ਕਵਾਇਦ ਤੇਜ਼ ਕੀਤੀ ਜਾ ਰਹੀ ਹੈ | ਬਿਜਲੀ ਸੋਧ ਬਿੱਲ ਅਤੇ ਬੀਜ ਬਿੱਲ ਵੀ ਕਿਸਾਨਾਂ ਮਜ਼ਦੂਰਾਂ ਦੀ ਲੁੱਟ ਕਰਨ ਲਈ ਹੀ ਲਿਆਂਦੇ ਗਏ ਹਨ | ਮਜ਼ਦੂਰਾਂ ਦੇ ਅਧਿਕਾਰਾਂ ਦੀ ਰਾਖੀ ਲਈ ਜਿਹੜੇ ਨਿਗੂਣੇ ਕਾਨੂੰਨ ਬਣੇ ਸਨ ਉਹ ਰੱਦ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ ਅਤੇ ਮਗਨਰੇਗਾ ਰਾਹੀਂ ਮਿਲਦੀ ਦਿਹਾੜੀ ਵੀ ਖੋਹ ਲਈ ਗਈ ਹੈ | ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਵਲੋਂ ਦੋ ਘੰਟੇ ਲੰਮੇ ਸਮੇਂ 'ਚ ਤਰਕ ਅਤੇ ਸਾਡੇ ਗੌਰਵਮਈ ਇਤਿਹਾਸ ਨਾਲ ਜੋੜ ਕੇ ਵੱਖ-ਵੱਖ ਮੁੱਦਿਆਂ ਦੀ ਕੀਤੀ ਸਰਲ ਅਤੇ ਸਾਦਾ ਵਿਆਖਿਆ ਦੀ ਸਕੂਲਿੰਗ ਨੂੰ ਹਾਜ਼ਰ ਕਿਸਾਨਾਂ ਨੇ ਮਗਨ ਹੋ ਕੇ ਸੁਣਿਆ | ਇਸ ਸਮੇਂ ਜਥੇਬੰਦੀ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਮੁੱਦਿਆਂ 'ਤੇ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਦੇ ਅਖੀਰ ਵਿਚ ਸੂਬਾ ਕਮੇਟੀ ਮੈਂਬਰ ਅਮਨਦੀਪ ਸਿੰਘ ਲਲਤੋਂ ਨੇ ਸਾਰੇ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ | ਸਟੇਜ਼ ਦੀ ਕਾਰਵਾਈ ਜ਼ਿਲਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਚਲਾਈ | ਇਸ ਮੌਕੇ ਜ਼ਿਲਾ ਮੀਤ ਪ੍ਰਧਾਨ ਹਾਕਮ ਸਿੰਘ ਭੱਟੀਆਂ, ਤਰਸੇਮ ਸਿੰਘ ਬੱਸੂਵਾਲ, ਗੁਰਤੇਜ ਸਿੰਘ ਅਖਾੜਾ, ਅਜੀਤ ਸਿੰਘ ਧਾਂਦਰਾ, ਸਰਪੰਚ ਰਣਵੀਰ ਸਿੰਘ ਰੁੜਕਾ, ਕੁਲਦੀਪ ਸਿੰਘ ਰੱਤੋਵਾਲ, ਜਸਵਿੰਦਰ ਸਿੰਘ ਭੁਮਾਲ, ਚਰਨਜੀਤ ਸਿੰਘ ਸ਼ੇਖਦੌਲਤ, ਜਗਨ ਨਾਥ ਸੰਘਰਾਓ, ਰਜਿੰਦਰ ਸਿੰਘ ਭਨੋਹੜ, ਰਛਪਾਲ ਸਿੰਘ ਨਵਾਂ ਡੱਲਾ, ਜਸਪਾਲ ਸਿੰਘ ਕਾਉਂਕੇ, ਹਰਬੰਸ ਸਿੰਘ ਬੀਰਮੀ, ਨਿਰਮਲ ਸਿੰਘ ਭੰਮੀਪੁਰਾ, ਕੁੰਡਾ ਸਿੰਘ ਕਾਉਂਕੇ, ਸੁਰਜੀਤ ਸਿੰਘ ਦੌਧਰ, ਗੁਰਵਿੰਦਰ ਸਿੰਘ ਗੋਗੀ ਤੋਂ ਇਲਾਵਾ ਜ਼ਿਲੇ ਅਤੇ ਸਾਰੇ ਬਲਾਕਾਂ ਦੇ ਆਗੂ ਹਾਜ਼ਰ ਸਨ |