ਮਾਰਕੀਟ ਕਮੇਟੀ ਸਿੱਧਵਾਂ ਬੇਟ ਅਧੀਨ ਪੈਂਦੇ ਸਾਰੇ ਖ਼ਰੀਦ ਕੇਂਦਰਾਂ ਵਿਚ ਕਣਕ ਦੀ ਖ਼ਰੀਦ ਦੇ ਸਾਰੇ ਪ੍ਰਬੰਧ ਮੁਕੰਮਲ-ਸੈਕਟਰੀ ਕਲਸੀ
ਅਜੀਤ ਡੈਸਕ
11-04-2026
ਸਿੱਧਵਾਂ ਬੇਟ, 10 ਅਪ੍ਰੈਲ (ਜਸਵੰਤ ਸਿੰਘ ਸਲੇਮਪੁਰੀ)-ਇਕ ਮੌਸਮ ਦੀ ਖਰਾਬੀ ਅਤੇ ਦੂਜਾ ਆੜਤ੍ਹੀਆਂ ਦੀ ਹੜਤਾਲ ਕਾਰਨ ਪ੍ਰੇਸ਼ਾਨ ਹੋ ਰਹੇ ਕਿਸਾਨਾਂ ਨੂੰ ਅੱਜ ਵੱਡੀ ਰਾਹਤ ਮਿਲੀ ਜਦੋਂ ਆੜਤ੍ਹੀਆ ਐਸੋਸੀਏਸ਼ਨ ਨੇ ਕਿਸਾਨਾਂ ਦੇ ਹਿੱਤ ਵਿਚ ਆਪਣੀ ਹੜਤਾਲ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਅਤੇ ਦੂਜੇ ਪਾਸੇ ਮੌਸਮ ਵੀ ਕੁਝ ਸਾਫ਼ ਹੋ ਗਿਆ | ਜਿਸ ਨਾਲ ਆਉਂਦੇ ਦੋ-ਚਾਰ ਦਿਨਾਂ ਵਿਚ ਕਿਸਾਨਾਂ ਵਲੋਂ ਆਪਣੀ ਹਾੜ੍ਹੀ ਦੀ ਮੁੱਖ ਫ਼ਸਲ ਕਣਕ ਦੀ ਕਟਾਈ ਪੂਰੇ ਜ਼ੋਰਾਂ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ | ਦੂਜੇ ਪਾਸੇ ਮਾਰਕੀਟ ਕਮੇਟੀਆਂ ਵਲੋਂ ਵੀ ਕਣਕ ਦੀ ਖ਼ਰੀਦ ਸਬੰਧੀ ਪੂਰੇ ਪ੍ਰਬੰਧ ਕੀਤੇ ਜਾਣ ਦੀ ਗੱਲ ਆਖੀ ਜਾ ਰਹੀ ਹੈ | ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਕੱਤਰ ਕੰਵਲਪ੍ਰੀਤ ਸਿੰਘ ਕਲਸੀ ਨੇ ਦੱਸਿਆ ਕਿ ਭਾਵੇਂ ਸੂਬਾ ਸਰਕਾਰ ਵਲੋਂ ਪਹਿਲੀ ਅਪ੍ਰੈਲ ਤੋਂ ਹੀ ਕਣਕ ਦੀ ਖ਼ਰੀਦ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਲੰਘੇ ਦਿਨੀਂ ਹੋਈ ਬਰਸਾਤ ਨਾਲ ਕਣਕ ਦੀ ਵਾਢੀ ਕੁਝ ਪਛੜ ਗਈ ਪਰ ਸਾਡੇ ਵਲੋਂ ਕਣਕ ਦੀ ਖ਼ਰੀਦ ਸਬੰਧੀ ਪੂਰੇ ਪ੍ਰਬੰਧ ਕੀਤੇ ਗਏ ਹਨ ਜਿਸ ਤਹਿਤ ਦਫ਼ਤਰ ਦੇ ਸਥਾਨਕ ਖ਼ਰੀਦ ਕੇਂਦਰ ਵਿਚ ਪਨਗਰੇਨ ਤੇ ਪਨਸਪ, ਲੋਧੀਵਾਲਾ ਖ਼ਰੀਦ ਕੇਂਦਰ, ਭੂੰਦੜੀ ਖ਼ਰੀਦ ਕੇਂਦਰ, ਰਸੂਲਪੁਰ ਖ਼ਰੀਦ ਕੇਂਦਰ ਅਤੇ ਗੋਰਸੀਆਂ ਮੱਖਣ ਦੇ ਖ਼ਰੀਦ ਕੇਂਦਰ ਵਿਚ ਵੇਅਰ ਹਾਊਸ, ਲੀਲਾਂ ਮੇਘ ਸਿੰਘ ਦੇ ਖ਼ਰੀਦ ਕੇਂਦਰਾਂ ਵਿਚ ਪਨਗਰੇਨ, ਰਾਊਵਾਲ ਦੇ ਖ਼ਰੀਦ ਕੇਂਦਰ ਅਤੇ ਪੱੱੱਤੀ ਮੁਲਤਾਨੀ ਦੇ ਖ਼ਰੀਦ ਕੇਂਦਰਾਂ ਵਿਚ ਮਾਰਕਫੈੱਡ, ਜਦਕਿ ਭੈਣੀ ਅਰਾਈਆਂ ਦੇ ਖ਼ਰੀਦ ਕੇਂਦਰ ਵਿਚ ਪਨਸਪ ਵਲੋਂ ਖ਼ਰੀਦ ਕੀਤੀ ਜਾਵੇਗੀ | ਜਿਸ ਸਬੰਧੀ ਸਾਡੇ ਦਫਤਰ ਵਲੋਂ ਪੂਰੇ ਪ੍ਰਬੰਧ ਕਰਕੇ ਆੜਤ੍ਹ੍ਹੀਆਂ ਨੂੰ ਵੀ ਸਖ਼ਤ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਮੌਸਮ ਦੇ ਮਿਜਾਜ ਨੂੰ ਵੇਖਦੇ ਹੋਏ ਕਣਕ ਨੂੰ ਬਰਸਾਤ ਤੋਂ ਬਚਾਉਣ ਲਈ ਤਰਪਾਲਾਂ ਆਦਿ ਦਾ ਪ੍ਰਬੰਧ ਕਰਨ | ਉਨ੍ਹਾਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਮੰਡੀ ਦੇ ਫੜ੍ਹਾਂ ਵਿਚ ਸੁੱਟੀ ਆਪਣੀ ਸਰੋਂ ਦੀ ਫ਼ਸਲ ਦੀ ਜਲਦੀ ਕਢਾਈ ਕਰਕੇ ਉਨ੍ਹਾਂ ਨੂੰ ਖਾਲੀ ਕਰ ਦੇਣ ਤਾਂ ਜੋ ਕਣਕ ਦੀ ਫ਼ਸਲ ਸੁੱਟਣ ਲਈ ਕੋਈ ਮੁਸ਼ਕਿਲ ਨਾ ਆਵੇ |