ਗੁਰੂਸਰ ਸੁਧਾਰ, 10 ਅਪ੍ਰੈਲ (ਬਲਵਿੰਦਰ ਸਿੰਘ ਧਾਲੀਵਾਲ)-ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੁਰੂਸਰ ਸੁਧਾਰ ਵਿਖੇ ਖ਼ਾਲਸਾ ਸਾਜਨਾ ਦਿਵਸ 'ਵਿਸਾਖੀ' ਮੌਕੇ ਕਥਾ ਕੀਰਤਨ, ਢਾਡੀ ਦਰਬਾਰ ਤੋਂ ਇਲਾਵਾ 'ਮੇਰੀ ਦਸਤਾਰ ਮੇਰੀ ਸ਼ਾਨ' ਤਹਿਤ ਸੱਤਵਾਂ ਦਸਤਾਰ ਮੁਕਾਬਲਾ 14 ਅਪ੍ਰੈਲ ਨੂੰ ਕਰਵਾਇਆ ਜਾਵੇਗਾ | ਜਾਣਕਾਰੀ ਦਿੰਦਿਆਂ ਮੈਨੇਜਰ ਅਮਰੀਕ ਸਿੰਘ ਦਿਓਲ ਨੇ ਦੱਸਿਆ ਕਿ ਮੈਂਬਰ ਸ਼੍ਰੋਮਣੀ ਕਮੇਟੀ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੀ ਯੋਗ ਅਗਵਾਈ ਹੇਠ ਖ਼ਾਲਸਾ ਸਾਜਨਾ ਦਿਵਸ ਦੇ ਇਤਿਹਾਸਕ ਦਿਹਾੜੇ ਮੌਕੇ ਵਾਲੇ ਇਨਾਂ ਸਮਾਗਮਾਂ ਵਿਚ ਜਿਥੇ ਵੱਡੀ ਗਿਣਤੀ ਅੰਦਰ ਸੰਗਤਾਂ ਕਥਾ-ਕੀਰਤਨ, ਢਾਡੀ ਦਰਬਾਰ ਤੇ ਸ਼ਬਦ ਗੁਰਬਾਣੀ ਦਾ ਆਨੰਦ ਮਾਨਣਗੀਆਂ, ਉਥੇ ਵਿਰਸਾ ਸੰਭਾਲ ਸਰਦਾਰੀ ਲਹਿਰ ਰਾਹੀਂ ਨੌਜਵਾਨ ਸੁੰਦਰ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਹਿੱਸਾ ਲੈਣਗੇ | ਮੈਨੇਜਰ ਅਮਰੀਕ ਸਿੰਘ ਦਿਓਲ ਅਨੁਸਾਰ ਗੁਰੂਸਰ ਸੁਧਾਰ ਤੇ ਆਸਪਾਸ ਦੇ ਪਿੰਡਾਂ ਦੇ ਬੱਚੇ, ਨੌਜਵਾਨ ਹੀ ਦਸਤਾਰ ਸਜਾਉਣ ਦੇ ਮੁਕਾਬਲਿਆਂ ਵਿਚ ਭਾਗ ਲੈ ਸਕਦੇ ਹਨ ਤੇ ਜੇਤੂਆਂ ਨੂੰ ਨਕਦ ਇਨਾਮੀ ਰਾਸ਼ੀ ਤੇ ਸਨਮਾਨ ਚਿੰਨ੍ਹ ਭੇਟ ਕੀਤੇ ਜਾਣਗੇ |