ਭੂੰਦੜੀ, 10 ਅਪ੍ਰੈਲ (ਕੁਲਦੀਪ ਸਿੰਘ ਮਾਨ)-ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸਾਂਝਾ ਮੋਰਚਾ ਪੰਜਾਬ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਹੋਰ ਤੇਜ਼ ਕਰਨ ਦੇ ਸੰਕੇਤ ਦਿੱਤੇ ਗਏ ਹਨ | ਕੱਲ੍ਹ ਸੰਗਰੂਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਅੱਗੇ ਮੋਰਚੇ ਦੀ ਚੇਅਰਪਰਸਨ ਸੁਖਵਿੰਦਰ ਕੌਰ ਸੁੱਖੀ (ਮਾਨਸਾ) ਦੀ ਅਗਵਾਈ ਹੇਠ ਆਗੂਆਂ ਵਲੋਂ ਸਰਕਾਰ ਵਲੋਂ ਮੀਟਿੰਗ ਸਬੰਧੀ ਲਿਖਤੀ ਚਿੱਠੀ ਦੀ ਸ਼ਾਮ 5 ਵਜੇ ਤੱਕ ਉਡੀਕ ਕੀਤੀ ਗਈ | ਮੋਰਚੇ ਦੇ ਚਾਰੇ ਕਨਵੀਨਰਾਂ ਅਮਰਜੀਤ ਕੌਰ (ਰਣ ਸਿੰਘ ਵਾਲਾ), ਰਾਣੋ ਗਿੱਲਾਂ, ਹਰਿੰਦਰ ਕੌਰ (ਸ਼ਤਰਾਣਾ) ਅਤੇ ਬਲਕਰਣ ਕੌਰ (ਅਬੋਹਰ) ਨੇ ਦੱਸਿਆ ਕਿ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਸਬ ਕਮੇਟੀ ਅਤੇ ਮੁੱਖ ਸਕੱਤਰ ਨਾਲ ਮੀਟਿੰਗ ਕੱਲ੍ਹ ਸ਼ਾਮ 3:40 ਵਜੇ ਲਈ ਤਹਿ ਸੀ, ਪਰ ਉਸਨੂੰ ਮੁਲਤਵੀ ਕਰਕੇ ਹੁਣ 23 ਅਪ੍ਰੈਲ 2026 ਲਈ ਨਿਰਧਾਰਤ ਕਰ ਦਿੱਤਾ ਗਿਆ ਹੈ | ਮੋਰਚੇ ਦੇ ਆਗੂਆਂ ਨੇ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਵਾਰ-ਵਾਰ ਮੀਟਿੰਗਾਂ ਨੂੰ ਟਾਲਣਾ ਵਰਕਰਾਂ ਨਾਲ ਬੇਇਨਸਾਫ਼ੀ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ 23 ਅਪ੍ਰੈਲ ਦੀ ਮੀਟਿੰਗ ਵੀ ਮੁਲਤਵੀ ਕੀਤੀ ਗਈ ਤਾਂ ਮੋਰਚੇ ਵਲੋਂ ਧੂਰੀ ਵਿਖੇ ਪੱਕਾ ਮੋਰਚਾ ਮੁੜ ਤੋਂ ਸ਼ੁਰੂ ਕੀਤਾ ਜਾਵੇਗਾ | ਆਗੂਆਂ ਨੇ ਸਪੱਸ਼ਟ ਕੀਤਾ ਕਿ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਇਸ ਦੇ ਨਤੀਜਿਆਂ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਵੇਗੀ |