ਰਾਏਕੋਟ, 16 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਇੰਡੋ-ਕੈਨੇਡੀਅਨ ਇੰਟਰਨੈਸ਼ਨਲ ਸਕੂਲ ਬੱਸੀਆਂ ਦੇ ਵਿਦਿਆਰਥੀਆਂ ਨੇ ਸੀ.ਬੀ.ਐੱਸ.ਈ. ਬੋਰਡ ਨਵੀਂ ਦਿੱਲੀ ਵਲੋਂ ਐਲਾਨੇ 10ਵੀਂ ਕਲਾਸ ਦੇ ਨਤੀਜਿਆਂ ਵਿਚ ਮੱਲਾਂ ਮਾਰਦਿਆਂ ਸਕੂਲ ਦਾ ਨਾਮ ਚਮਕਾਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ੍ਰੀਮਤੀ ਸਮਰਤਪਾਲ ਕੌਰ ਨੇ ਦੱਸਿਆ ਕਿ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫ਼ੀਸਦੀ ਰਿਹਾ ਹੈ, ਜਿਸ ਵਿਚ ਸਭ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ ਉੱਪਰ ਅੰਕ ਪ੍ਰਾਪਤ ਕਰਕੇ ਸ਼ਾਨਦਾਰ ਕਾਰਗੁਜ਼ਾਰੀ ਦਿਖਾਈ ਹੈ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਪ੍ਰਧਾਨ ਹਰਦੀਪ ਸਿੰਘ ਰੰਧਾਵਾ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬੱਚਿਆਂ ਨੇ ਆਪਣੀ ਚੰਗੀ ਪ੍ਰਤਿਭਾ ਦਿਖਾਉਂਦਿਆਂ ਚੰਗੇ ਅੰਕਾਂ ਨਾਲ ਪ੍ਰੀਖਿਆ ਪਾਸ ਕੀਤੀ ਹੈ | ਉਨ੍ਹਾਂ ਬੱਚਿਆਂ ਨੂੰ ਪ੍ਰੇਰਿਤ ਕੀਤਾ ਕਿ ਅੱਗੇ ਤੋਂ ਵੀ ਸਖ਼ਤ ਮਿਹਨਤ ਜਾਰੀ ਰੱਖੀ ਜਾਵੇ ਤਾਂ ਜੋ ਜ਼ਿੰਦਗੀ ਦੇ ਚੰਗੇ ਮੁਕਾਮ ਉੱਪਰ ਪੁੱਜਿਆ ਜਾ ਸਕੇ | ਇਸ ਮੌਕੇ ਸਕੂਲ ਪਿ੍ੰਸੀਪਲ ਸ਼੍ਰੀਮਤੀ ਸਮਰਤਪਾਲ ਕੌਰ ਨੇ ਹੋਣਹਾਰ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਵਾਦ ਦਿੱਤੀ ਅਤੇ ਇਸ ਕਾਮਯਾਬੀ ਦਾ ਸਿਹਰਾ ਮਿਹਨਤੀ ਸਟਾਫ਼ ਤੇ ਬੱਚਿਆਂ ਨੂੰ ਦਿੱਤਾ, ਜਿੰਨ੍ਹਾਂ ਸਦਕਾ ਸੰਸਥਾ ਦੇ ਨਤੀਜੇ ਸ਼ਾਨਦਾਰ ਆ ਰਹੇ ਹਨ |