ਰਾਏਕੋਟ, 16 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਦੇ ਨੇੜਲੇ ਪਿੰਡ ਭੈਣੀ ਦਰੇੜਾ ਦੀ ਇੱਕ ਮਹਿਲਾ ਹਰਪਿੰਦਰ ਕੌਰ ਪਤਨੀ ਸੁਰਿੰਦਰ ਸਿੰਘ, ਜਿਸਦੇ ਤਿੰਨ ਬੱਚੇ ਹਨ- ਵੱਡੀ ਧੀ ਹਰਨੀਤ ਕੌਰ (ਉਮਰ 15 ਸਾਲ, ਦਸਵੀਂ ਕਲਾਸ ਦੀ ਵਿਦਿਆਰਥਣ), ਲਵਲੀਨ ਕੌਰ (ਉਮਰ 13 ਸਾਲ, ਅੱਠਵੀਂ ਕਲਾਸ ਦੀ ਵਿਦਿਆਰਥਣ) ਅਤੇ ਹਰਗੁਨ ਸਿੰਘ (ਉਮਰ 4 ਸਾਲ, ਐੱਲ.ਕੇ.ਜੀ ਦਾ ਵਿਦਿਆਰਥੀ), ਆਪਣੇ ਬੱਚਿਆਂ ਦੇ ਸੁਨਿਹਰੇ ਭਵਿੱਖ ਲਈ ਆਪਣੀ ਸਾਰੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇੱਕ ਮਹਿਲ ਠੱਗ ਨੂੰ ਵੱਖ-ਵੱਖ ਸਮਿਆਂ 'ਤੇ ਵੱਖੋ-ਵੱਖ ਸਕੀਮਾਂ ਵਿੱਚ 7,50,500 ਰੁਪਏ ਟ੍ਰਾਂਸਫਰ ਕਰਕੇ ਠੱਗੀ ਦਾ ਸ਼ਿਕਾਰ ਹੋ ਗਈ ਹੈ | ਪੀੜਤ ਹਰਪਿੰਦਰ ਕੌਰ ਨੇ ਦੱਸਿਆ ਕਿ ਉਸ ਨੇ ਇੰਸਟਾਗ੍ਰਾਮ ਦੀ ਇੱਕ ਆਈ.ਡੀ 'ਆਫਿਸ਼ਲ-ਨਵਦੀਪ ਕੌਰ 07' ਵੇਖੀ, ਜਿਸ 'ਤੇ ਦਾਅਵਾ ਕੀਤਾ ਗਿਆ ਸੀ ਕਿ ਆਨ-ਲਾਈਨ ਇਨਵੈਸਟਮੈਂਟ ਨਾਲ ਵਧੀਆ ਗ੍ਰੋਥ ਮਿਲੇਗੀ | ਇਸ ਸੁਨਿਹਰੇ ਭਵਿੱਖ ਦੀ ਆਸ ਵਿੱਚ ਉਸਨੇ ਨਿਸ਼ਾ ਰਾਣੀ ਪਤਨੀ ਰਣਜੀਤ ਸਿੰਘ ਵਾਸੀ-ਅਬੋਹਰ (ਫਾਜ਼ਿਲਕਾ), ਮੌਜੂਦਾ ਵਾਸੀ ਆਜ਼ਾਦ ਨਗਰ, ਅਨਾਜ ਮੰਡੀ ਪਟਿਆਲਾ ਨੂੰ ਵੱਖੋ-ਵੱਖ ਸਕੈਮਾਂ ਤਹਿਤ ਵੱਖ-ਵੱਖ ਸਮਿਆਂ ਦੌਰਾਨ 7,50,500 ਰੁਪਏ ਟ੍ਰਾਂਸਫਰ ਕਰ ਦਿੱਤੇ | ਨਿਸ਼ਾ ਰਾਣੀ ਹਰ ਵਾਰ ਇਹ ਕਹਿੰਦੀ ਰਹੀ ਕਿ ਪੈਸੇ ਚੰਗੀ ਜਗ੍ਹਾ ਇਨਵੈਸਟ ਹੋ ਚੁੱਕੇ ਹਨ ਅਤੇ ਜਲਦੀ ਹੀ ਵਧੀਆ ਮੁਨਾਫ਼ੇ ਨਾਲ ਵਾਪਸ ਕਰ ਦਿੱਤੇ ਜਾਣਗੇ | ਹਰਪਿੰਦਰ ਕੌਰ ਨੇ 31 ਜਨਵਰੀ 2024 ਤੋਂ 18 ਦਸੰਬਰ 2025 ਤੱਕ ਇਹ ਵੱਡੀ ਰਕਮ ਦਿੱਤੀ, ਪਰ ਫ਼ਰਵਰੀ 2026 ਤੋਂ ਬਾਅਦ ਨਿਸ਼ਾ ਰਾਣੀ ਨੇ ਆਪਣਾ ਫ਼ੋਨ ਨੰਬਰ 99634 13013 ਬੰਦ ਕਰ ਦਿੱਤਾ ਅਤੇ ਸੰਪਰਕ ਤੋੜ ਲਿਆ | ਇਸ ਤੋਂ ਬਾਅਦ ਹਰਪਿੰਦਰ ਕੌਰ ਨੂੰ ਅਹਿਸਾਸ ਹੋਇਆ ਕਿ ਉਹ ਠੱਗੀ ਦਾ ਸ਼ਿਕਾਰ ਹੋ ਚੁੱਕੀ ਹੈ | ਇਸ ਤੋਂ ਬਾਅਦ ਉਸਨੇ ਜਗਰਾਉਂ ਸਾਇਬਰ ਸੈੱਲ ਵਿੱਚ ਸ਼ਿਕਾਇਤ ਦਰਜ਼ ਕਰਵਾਈ, ਜਿਸ ਦੇ ਆਧਾਰ 'ਤੇ 14 ਅਪ੍ਰੈਲ 2026 ਨੂੰ ਨਿਸ਼ਾ ਰਾਣੀ ਖ਼ਿਲਾਫ਼ ਬੀ.ਐੱਨ.ਐਸ 318 (4) ਅਧੀਨ ਮਾਮਲਾ ਦਰਜ਼ ਕਰਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੀੜਤ ਹਰਪਿੰਦਰ ਕੌਰ ਨੇ ਦੱਸਿਆ ਕਿ ਉਹ ਇੱਕ ਸਧਾਰਨ ਪਰਿਵਾਰ ਨਾਲ ਸਬੰਧਿਤ ਹੈ ਅਤੇ ਉਨ੍ਹਾਂ ਕੋਲ ਸਿਰਫ਼ ਦੋ ਏਕੜ ਜ਼ਮੀਨ ਹੈ | ਬੱਚਿਆਂ ਦੀ ਪੜ੍ਹਾਈ ਅਤੇ ਚੰਗੇ ਭਵਿੱਖ ਲਈ ਉਸਦੇ ਪਤੀ ਨੇ ਵਿਦੇਸ਼ ਵਿੱਚ ਮਿਹਨਤ ਕਰਕੇ ਪੈਸੇ ਜੋੜ੍ਹੇ ਸਨ | ਉਸਨੇ ਪੁਲਿਸ ਕੋਲ ਅਪੀਲ ਕੀਤੀ ਹੈ ਕਿ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਸਦੇ ਪੈਸੇ ਜਲਦੀ ਵਾਪਸ ਦਿਵਾਏ ਜਾਣ |