ਪੱਖੋਵਾਲ/ਸਰਾਭਾ, 17 ਅਪ੍ਰੈਲ (ਖੁਸ਼ਵਿੰਦਰ ਸਿੰਘ ਸਰਾਭਾ)-ਸਿੱਖਿਆ ਦੇ ਖੇਤਰ 'ਚ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਦਿ੍ਸ਼ਟੀ ਡਾ: ਆਰ.ਸੀ. ਜੈਨ ਇਨੋਵੇਟਿਵ ਪਬਲਿਕ ਸਕੂਲ ਦੇ ਇਸ ਵਾਰ ਸੀ.ਬੀ.ਐੱਸ.ਸੀ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਬਹੁਤ ਹੀ ਸ਼ਾਨਦਾਰ ਰਹੇ ਹਨ | ਇਸ ਸੰਬਧੀ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਮਨੀਸ਼ਾ ਗੰਗਵਾਰ ਨੇ ਦੱਸਿਆ ਕਿ ਇਸ ਵਾਰ ਉਨਾਂ ਦੇ ਸਕੂਲ ਦਾ ਜਿੱਥੇ ਦਸਵੀਂ ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਹੈ, ਉੱਥੇ ਹੀ ਉਨਾਂ ਦੇ ਸਕੂਲ ਦੇ ਟੋਪਰ ਵਿਦਿਆਰਥੀ ਹਰਸ਼ਾਨ ਸਿੰਘ ਤੇ ਗੋਰਵ ਭਨੋਟ ਨੇ ਸਰਵਉਤਮ ਪ੍ਰਦਰਸ਼ਨ ਕਰਦਿਆਂ 98.4 ਪ੍ਰਤੀਸ਼ਤ ਅੰਕ ਲੈ ਕੇ ਸਕੂਲ 'ਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਆਪਣੇ ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ, ਜਦਕਿ ਹਰਸ਼ਦੀਪ ਸਿੰਘ ਨੇ 98.2 ਪ੍ਰਤੀਸ਼ਤ ਅੰਕ ਲੈ ਕੇ ਦੂਜਾ ਤੇ ਪ੍ਰਭਨੂਰ ਗਰੇਵਾਲ ਨੇ 97.4 ਪ੍ਰਤੀਸ਼ਤ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ | ਸਕੂਲ ਦੇ 14 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋ ਉਪਰ ਅੰਕ ਲੈ ਕੇ ਸਕੂਲ ਦਾ ਨਾਂਅ ਚਮਕਾਇਆ ਹੈ | ਇਸ ਮਾਣਮੱਤੀ ਪ੍ਰਾਪਤੀ ਤੇ ਪਿ੍ੰ: ਮਨੀਸ਼ਾ ਗੰਗਵਾਰ ਤੇ ਪੂਰੀ ਮੈਨੇਜਮੈਂਟ ਨੇ ਇਸ ਪ੍ਰਾਪਤੀ ਦਾ ਸਿਹਰਾ ਸਮੂਹ ਵਿਦਿਆਰਥੀਆਂ ਦੀ ਮਿਹਨਤ, ਲਗਨ ਤੇ ਸਕੂਲ ਸਟਾਫ਼ ਦੀ ਸਹੀ ਗਾਈਡੈਂਸ ਨੂੰ ਦਿੰਦਿਆਂ ਸਮੂਹ ਵਿਦਿਆਰਥੀਆਂ ਤੇ ਉਨਾਂ ਦੇ ਮਾਪਿਆਂ ਨੂੁੰ ਵਧਾਈ ਦਿੱਤੀ |