ਜਗਰਾਉਂ, 19 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲਿਬ)-ਅੱਜ ਜਗਰਾਉਂ ਦੀ ਮੁੱਖ ਮੰਡੀ 'ਚ ਪੰਜਾਬ ਸਰਕਾਰ ਦੀਆਂ ਸਿਰਫ਼ ਤਿੰਨ ਖ਼ਰੀਦ ਏਜੰਸੀਆਂ ਹੀ ਖ਼ਰੀਦ ਕਰ ਰਹੀਆਂ ਹਨ, ਕਣਕ ਦੀ ਲਿਫ਼ਟਿੰਗ ਦੀ ਸਮੱਸਿਆ ਬਣੀ ਹੋਈ ਹੈ | ਹਜ਼ਾਰਾਂ ਦੀ ਤਦਾਦ 'ਚ ਪਈਆਂ ਕਣਕ ਦੀਆਂ ਬੋਰੀਆਂ ਦੀ ਲਿਫ਼ਟਿੰਗ ਲਈ ਅੱਜ ਪਨਗਰੇਨ ਵਲੋਂ ਸਾਰੀ ਮੰਡੀ ਲਈ ਸਿਰਫ਼ ਦੋ ਗੱਡੀਆਂ ਹੀ ਭੇਜੀਆਂ ਗਈਆਂ ਹਨ | ਇਸ ਮੰਡੀ 'ਚੋਂ ਐੱਫ.ਸੀ.ਆਈ ਅਤੇ ਪਨਸਪ ਪਹਿਲਾਂ ਹੀ ਵੱਖ-ਵੱਖ ਕਾਰਨਾਂ ਕਰਕੇ ਗੈਰ-ਹਾਜ਼ਰ ਹਨ | ਬਾਕੀ ਖ਼ਰੀਦ ਏਜੰਸੀਆਂ ਪਨਗਰੇਨ, ਵੇਅਰ ਹਾਊਸ, ਮਾਰਕਫੈੱਡ ਹੀ ਖ਼ਰੀਦ ਕਰ ਰਹੀਆਂ ਹਨ | ਖ਼ਰੀਦੀ ਅਤੇ ਬੋਰੀਆਂ 'ਚ ਬੰਦ ਕਣਕ ਦੀ ਲਿਫ਼ਟਿੰਗ ਨਾ ਹੋਣ ਕਾਰਨ ਮੰਡੀ 'ਚ ਢੇਰੀਆਂ ਲਾਹੁਣ ਲਈ ਜਗ੍ਹਾਂ ਨਹੀਂ ਬੱਚਦੀ | ਸਿੱਟੇ ਵਜੋਂ ਗੱਲਾ ਮਜ਼ਦੂਰਾਂ 'ਚ ਲੜਾਈ-ਝਗੜੇ ਖੜੇ ਹੋ ਰਹੇ ਹਨ | ਇਸ ਸਬੰਧੀ ਲਿਫ਼ਟਿੰਗ 'ਚ ਤੇਜ਼ੀ ਲਿਆਉਣ ਦੀ ਮੰਗ ਕਰਦਿਆਂ ਗੱਲਾ ਮਜ਼ਦੂਰ ਯੂਨੀਅਨ ਨੇ ਰੋਸ ਪ੍ਰਦਰਸ਼ਨ ਕੀਤਾ | ਇਸ ਸਮੇਂ ਯੂਨੀਅਨ ਦੇ ਪ੍ਰਧਾਨ ਦੇਵ ਰਾਜ ਨੇ ਦੱਸਿਆ ਕਿ ਨਿਯਮਾਂ ਮੁਤਾਬਕ 72 ਘੰਟੇ 'ਚ ਲਿਫ਼ਟਿੰਗ ਲਾਜ਼ਮੀ ਹੈ, ਪਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਅਤੇ ਠੇਕੇਦਾਰਾਂ ਕਰਕੇ ਇਹ ਸਮੱਸਿਆ ਖੜੀ ਹੋਈ ਹੈ | ਉਨ੍ਹਾਂ ਕਿਹਾ ਕਿ ਤਿੱਖੀ ਧੁੱਪ ਕਾਰਨ ਪਈ ਕਣਕ ਸੁੱਕ ਜਾਣ ਕਰਕੇ ਮਜ਼ਦੂਰਾਂ ਨੂੰ ਜਿਸ ਦਾ ਖ਼ਮਿਆਜ਼ਾ ਭੁਗਤਣਾਂ ਪੈਂਦਾ ਹੈ | ਲੰਮਾਂ ਸਮਾਂ ਬੋਰੀਆਂ ਫ਼ੜਾਂ 'ਚ ਪਈਆਂ ਰਹਿਣ ਕਾਰਨ ਉਨ੍ਹਾਂ ਦੀ ਰਾਖੀ ਦੀ ਜ਼ਿੰਮੇਵਾਰੀ, ਚੋਰੀ ਦਾ ਡਰ ਬਣਿਆ ਰਹਿੰਦਾ ਹੈ | ਮੰਡੀ 'ਚ ਮਾਰਕੀਟ ਕਮੇਟੀ ਦਾ ਕੋਈ ਚੌਕੀਦਾਰ ਨਹੀਂ, ਕੋਈ ਸੁਰੱਖਿਆ ਨਹੀਂ, ਰੱਬ ਆਸਰੇ ਹੀ ਚੱਲਦਾ ਹੈ | ਕੱਚੀਆਂ ਮੰਡੀਆਂ 'ਚ ਪਾਣੀ, ਰੋਸ਼ਨੀ ਦਾ ਨਾ-ਮਾਤਰ ਪ੍ਰਬੰਧ ਹੈ | ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਵੀ ਗੱਲਾਂ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਤੇ ਚਿੰਤਾ ਪ੍ਰਗਟ ਕਰਦਿਆਂ ਇਨ੍ਹਾਂ ਦਿੱਕਤਾਂ ਦਾ ਤੁਰਤ ਹੱਲ ਕੀਤਾ ਜਾਵੇ ਤਾਂ ਕਿ ਕਿਸਾਨਾਂ-ਮਜ਼ਦੂਰਾਂ ਨੂੰ ਕੋਈ ਮੁਸ਼ਕਲ ਨਾ ਆਵੇ |