ਮੁੱਲਾਂਪੁਰ-ਦਾਖਾ, 24 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸ੍ਰੀ ਮਹਾਂਵੀਰ ਡਰਾਮਾਟਿਕ ਬਾਲ ਕਲੱਬ ਦੀ ਮੀਟਿੰਗ ਜੰਝ ਘਰ ਮੰਡੀ ਮੁੱਲਾਂਪੁਰ ਵਿਖੇ ਪ੍ਰਧਾਨ ਅਸ਼ੋਕ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ | ਕਲੱਬ ਵਲੋਂ ਦੁਸਹਿਰਾ ਵਾਲੇ ਦਿਨਾਂ 'ਚ ਧਾਰਮਿਕ ਸਮਾਗਮਾਂ, ਸਾਲ ਭਰ 'ਚ ਹੋਰ ਗਤੀਵਿਧੀਆਂ 'ਤੇ ਚਰਚਾ ਉਪਰੰਤ ਅਸ਼ੋਕ ਗੁਪਤਾ ਵਲੋਂ ਤੇਲੂ ਰਾਮ ਬਾਂਸਲ, ਸਿੰਦਰਪਾਲ ਮਨਜਾਨੀਆ, ਜਬਰਜੰਗ ਸਿੰਘ ਸੇਖੋਂ, ਸਨੀ ਸੇਠੀ, ਸੰਜੀਵ ਮਲਹੋਤਰਾ, ਰਾਕੇਸ਼ ਸਿੰਲਾ, ਸ਼ੰਮੀ ਦਸਲਾਨਾ, ਸਤਬੀਰ ਭਾਟੀਆ, ਅਮਰਜੀਤ ਸਿੰਘ ਕੁੱਕੂ, ਯਸ਼ਪਾਲ ਗੰਭੀਰ ਤੇ ਮੀਟਿੰਗ 'ਚ ਸ਼ਾਮਿਲ ਹੋਰਨਾਂ ਨੂੰ ਸਨਿਮਰ ਬੇਨਤੀ ਕੀਤੀ ਕਿ ਮੈਂ ਆਪਣੇ ਪਰਿਵਾਰਕ ਰੁਝੇਵਿਆਂ ਕਰਕੇ ਪ੍ਰਧਾਨ ਦੇ ਪਦ ਤੋਂ ਅਸਤੀਫਾ ਦਿੰਦਾ ਹੋਇਆ ਵਿਸ਼ਵਾਸ਼ ਪ੍ਰਗਟਾਉਂਦਾ ਕਿ ਸ੍ਰੀ ਮਹਾਂਵੀਰ ਬਾਲ ਡਰਾਮੈਟਿਕ ਕਲੱਬ ਨਾਲ ਜੁੜਿਆ ਰਹਾਂਗਾ | ਮੀਟਿੰਗ 'ਚ ਸ਼ਾਮਿਲ ਸਮੁੱਚੇ ਮੈਂਬਰਾਂ ਨੇ ਅਗਲੇ ਸਮੇਂ ਪ੍ਰਧਾਨਗੀਂ ਪਦ ਲਈ ਨੌਜਵਾਨ ਆਗੂ ਸਨੀ ਸੇਠੀ ਦਾ ਨਾਂਅ ਪੇਸ਼ ਕੀਤਾ, ਜਿਸ 'ਤੇ ਸਾਰਿਆਂ ਨੇ ਸਹਿਮਤੀ ਪ੍ਰਗਟਾਉਂਦਿਆਂ ਜੈਕਾਰਾ ਛੱਡ ਦਿੱਤਾ | ਸਨੀ ਸੇਠੀ ਨੂੰ ਪ੍ਰਧਾਨ ਚੁਣ ਕੇ ਕਲੱਬ ਦਾ ਹੋਰ ਵਿਸਥਾਰ ਕਰਦਿਆਂ ਸੰਜੀਵ ਮਲਹੋਤਰਾ ਨੂੰ ਚੇਅਰਮੈਨ, ਰਕੇਸ਼ ਸਿੰਗਲਾ ਕੈਸ਼ੀਅਰ, ਸ਼ੰਮੀ ਦਸਲਾਨਾ ਸੈਕਟਰੀ, ਸਤਬੀਰ ਭਾਟੀਆ ਪ੍ਰਚਾਰ ਸਕੱਤਰ, ਅਮਰਜੀਤ ਸਿੰਘ ਕੁੱਕੂ ਜਨਰਲ ਸਕੱਤਰ ਅਤੇ ਯਸ਼ਪਾਲ ਗੰਭੀਰ ਨੂੰ ਮੁੱਖ ਸਲਾਹਕਾਰ ਨਿਯੁਕਤ ਕਰਨ ਦੇ ਨਾਲ ਕਲੱਬ ਦੀ ਸਰਪ੍ਰਸਤੀ ਲਈ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਤੇਲੂ ਰਾਮ ਬਾਂਸਲ, ਸਿੰਦਰਪਾਲ ਮਨਜਾਨੀਆ ਅਤੇ ਸਾਬਕਾ ਕੌਂਸਲਰ ਜਬਰਜੰਗ ਸਿੰਘ ਸੇਖੋਂ ਨੂੰ ਸਰਪ੍ਰਸਤ ਚੁਣ ਲਿਆ ਗਿਆ | ਨਵ ਨਿਯੁਕਤ ਪ੍ਰਧਾਨ ਸਨੀ ਸੇਠੀ ਨੇ ਜੰਝ ਘਰ 'ਚ ਜੁੜੀ ਇਕੱਤਰਤਾ ਨੂੰ ਵਿਸ਼ਵਾਸ ਦਿੱਤਾ ਕਿ ਜੰਝ ਘਰ ਦੀ ਸੇਵਾ ਸੰਭਾਲ ਦੇ ਨਾਲ ਇਥੇ ਹੋਣ ਵਾਲੇ ਹਰ ਧਾਰਮਿਕ, ਸਮਾਜਿਕ ਪ੍ਰੋਗਰਾਮ ਨੂੰ ਸਲੀਕੇ ਦਾ ਬਣਾਉਣ ਵਿਚ ਸਾਥੀਆਂ ਨਾਲ ਰਲ ਕੇ ਪੂਰਾ ਯੋਗਦਾਨ ਪਾਇਆ ਜਾਵੇਗਾ | ਇਹ ਵੀ ਕਿਹਾ ਕਿ ਰਾਮ ਲੀਲਾ ਕਮੇਟੀ ਦਾ ਵਿਸਥਾਰ ਕਰਦਿਆਂ ਵੱਧ ਤੋਂ ਵੱਧ ਮੈਂਬਰਾਂ ਨੂੰ ਨਾਲ ਜੋੜਿਆ ਜਾਵੇਗਾ ਤਾਂ ਜੋ ਦੁਸਹਿਰਾ ਤੋਂ ਪਹਿਲਾਂ ਰਾਮ ਲੀਲਾ ਵਾਲੇ ਪਵਿੱਤਰ ਦਿਨਾਂ ਨੂੰ ਸ਼ਰਧਾ ਨਾਲ ਮਨਾਇਆ ਜਾਵੇ | ਮੀਟਿੰਗ ਵਿਚ ਇਹ ਵੀ ਗੱਲ ਹੋਈ ਕਿ ਕਿਉਂ ਨਾਲ ਰਾਮ ਲੀਲਾ ਵਿਚ ਹਰ ਭੂਮਿਕਾ ਦੇ ਕਾਬਿਲ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਕਲਾਕਾਰਾਂ ਦੀ ਆਪਣੀ ਟੀਮ ਗਠਿਤ ਕੀਤੀ ਜਾਵੇ | ਸਨੀ ਸੇਠੀ ਕਲੱਬ ਦੇ ਪੁਰਾਣੇ ਆਗੂਆਂ ਡਾਇਰੈਕਟਰ ਲੱਖੀ ਰਾਮ ਲੱਖੀ, ਅਨਿਲ ਸੇਠੀ ਦੇ ਨਾਲ ਰਾਕੇਸ਼ ਮਨਜਾਨੀਆ, ਬੱਬੀ ਬਾਂਸਲ, ਮੁਨੀਸ਼ ਬਾਂਸਲ, ਜਗਦੀਪ ਸਿੰਘ ਧਾਲੀਵਾਲ, ਮਨਪ੍ਰੀਤ ਬਾਂਗੜ, ਨੀਵਮ ਗਰਗ, ਸੋਨੀ ਸਿੰਘ ਦਾ ਵਿਸ਼ੇਸ਼ ਧੰਨਵਾਦ ਕੀਤਾ |