ਕਣਕ ਦੇ ਨਾੜ ਨੂੰ ਅੱਗ ਨਾ ਲਗਾਓ, ਵਾਤਾਵਰਨ ਤੇ ਫ਼ਸਲ ਤੇ ਨਸਲਾਂ ਨੂੰ ਬਚਾਉਣਾ ਜ਼ਰੂਰੀ
ਅਜੀਤ ਡੈਸਕ
03-05-2026
ਰਾਏਕੋਟ, 2 ਮਈ (ਬਲਵਿੰਦਰ ਸਿੰਘ ਲਿੱਤਰ)-ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਲਖਵੀਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਣਕ ਦੀ ਵਾਢੀ ਤੋਂ ਬਾਅਦ ਰਹਿੰਦ-ਖੂੰਹਦ ਨਾੜ ਨੂੰ ਅੱਗ ਨਾ ਲਗਾਉਣ | ਉਨਾਂ ਕਿਹਾ ਕਿ ਨਾੜ ਸਾੜਨ ਨਾਲ ਇਕ ਪਾਸੇ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ ਅਤੇ ਦੂਜੇ ਪਾਸੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟ ਹੁੰਦੀ ਹੈ | ਉਨਾਂ ਕਿਹਾ ਕਿ ਨਾੜ ਸਾੜਨ ਨਾਲ ਧੂੰਏਾ ਕਾਰਨ ਸਾਹ-ਦਮੇ ਦੇ ਮਰੀਜ਼ਾਂ ਨੂੰ ਬੜੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਸੜਕਾਂ 'ਤੇ ਧੂੰਏਾ ਕਾਰਨ ਦੁਰਘਟਨਾਵਾਂ ਦਾ ਖਤਰਾ ਵੀ ਬਣਿਆ ਰਹਿੰਦਾ ਹੈ | ਇਸ ਦੇ ਨਾਲ ਹੀ ਅੱਗ ਬੇਕਾਬੂ ਹੋਣ 'ਤੇ ਨਾਲ ਲੱਗਦੇ ਖੇਤਾਂ ਅਤੇ ਘਰਾਂ ਸਮੇਤ ਸੜਕਾਂ ਕਿਨਾਰੇ ਖੜ੍ਹੇ ਦਰੱਖ਼ਤ ਵੀ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਜਾਂਦੇ ਹਨ ਅਤੇ ਦਰੱਖ਼ਤਾਂ ਉੱਪਰ ਪੰਛੀਆਂ ਦੇ ਆਲਣੇ, ਬੱਚੇ ਵਗੈਰਾ ਵੀ ਅੱਗ ਵਿਚ ਸੜ ਜਾਂਦੇ ਹਨ | ਉਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਨਾੜ ਸਾੜਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਚੌਂਕੀ ਇੰਚਾਰਜ ਲਖਵੀਰ ਸਿੰਘ ਨੇ ਪਿੰਡ ਦੇ ਮੋਹਤਬਰਾਂ ਅਤੇ ਪੰਚਾਇਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਵਿਚ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ |