ਭੂੰਦੜੀ, 2 ਮਈ (ਕੁਲਦੀਪ ਸਿੰਘ ਮਾਨ)-ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਵਲੋਂ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸ਼ੰਕਰ ਦੀ ਅਗਵਾਈ ਹੇਠ ਕੀਤੀ ਗਈ ਆਨ-ਲਾਈਨ ਮੀਟਿੰਗ ਦੌਰਾਨ ਕਿਰਤ ਮੰਤਰੀ ਤਰਨਪ੍ਰੀਤ ਸਿੰਘ ਸੌਦ ਦੇ ਖ਼ਿਲਾਫ਼ 3 ਮਈ ਨੂੰ ਖੰਨਾ ਵਿਚ ਰੋਸ ਧਰਨਾ ਅਤੇ ਝੰਡਾ ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ | ਯੂਨੀਅਨ ਨੇ ਦੱਸਿਆ ਕਿ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਵਿਚ ਕੰਮ ਕਰ ਰਹੇ ਡੇਲੀਵੇਜ ਵਰਕਰ ਬਹੁਤ ਘੱਟ ਤਨਖ਼ਾਹਾਂ 'ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ | ਮਹਿੰਗਾਈ ਦੇ ਇਸ ਦੌਰ ਵਿਚ ਪਰਿਵਾਰ ਚਲਾਉਣਾ ਮੁਸ਼ਕਿਲ ਹੋ ਗਿਆ ਹੈ, ਜਦਕਿ ਛਿਮਾਹੀ ਅਧਾਰ 'ਤੇ ਤਨਖ਼ਾਹਾਂ ਵਿਚ ਹੋਣ ਵਾਲਾ ਵਾਧਾ ਵੀ ਨਾ-ਮਾਤਰ ਹੀ ਹੈ | ਯੂਨੀਅਨ ਮੁਤਾਬਕ ਸਤੰਬਰ 2024, ਮਾਰਚ 2025 ਅਤੇ ਸਤੰਬਰ 2025 ਵਿਚ ਕੀਤੇ ਵਾਧੇ (383, 163, 97, 393 ਅਤੇ 337 ਰੁਪਏ) ਨਾਲ ਮਜ਼ਦੂਰਾਂ ਨੂੰ ਕੋਈ ਵੱਡਾ ਲਾਭ ਨਹੀਂ ਮਿਲਿਆ | ਜਥੇਬੰਦੀ ਨੇ ਸਰਕਾਰ ਨੂੰ ਯਾਦ ਦਿਵਾਇਆ ਕਿ ਚੋਣਾਂ ਦੌਰਾਨ ਕੱਚੇ ਕਾਮਿਆਂ ਲਈ ਘੱਟੋ-ਘੱਟ ਦਿਹਾੜੀ 500 ਰੁਪਏ ਕਰਨ ਦਾ ਵਾਅਦਾ ਕੀਤਾ ਗਿਆ ਸੀ, ਜੋ ਅਜੇ ਤੱਕ ਪੂਰਾ ਨਹੀਂ ਹੋਇਆ | ਇਸ ਦੇ ਨਾਲ ਹੀ ਹਰਿਆਣਾ ਵਿਚ ਅਨਸਕਿਲਡ ਵਰਕਰਾਂ ਦੀ ਘੱਟੋ-ਘੱਟ ਤਨਖ਼ਾਹ 1 ਅਪ੍ਰੈਲ 2026 ਤੋਂ ਵਧਾ ਕੇ 15200/- ਰੁਪਏ ਕੀਤੀ ਗਈ ਹੈ, ਜਿਸ ਨਾਲ ਪੰਜਾਬ ਦੇ ਮਜ਼ਦੂਰ ਆਪਣੇ ਆਪ ਨੂੰ ਪਿੱਛੇ ਮਹਿਸੂਸ ਕਰ ਰਹੇ ਹਨ | ਯੂਨੀਅਨ ਨੇ ਮੰਗ ਕੀਤੀ ਹੈ ਕਿ ਅਪ੍ਰੈਲ 2026 ਵਿਚ ਘੱਟੋ-ਘੱਟ ਉਜਰਤਾਂ ਵਿਚ ਵੱਡੇ ਪੱਧਰ 'ਤੇ ਵਾਧਾ ਕੀਤਾ ਜਾਵੇ ਤਾਂ ਜੋ ਵਰਕਰਾਂ ਨੂੰ ਮਹਿੰਗਾਈ ਦੇ ਮੁਕਾਬਲੇ ਯੋਗ ਮਜ਼ਦੂਰੀ ਮਿਲ ਸਕੇ | ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਰਤ ਮੰਤਰੀ ਵਲੋਂ ਜਲਦੀ ਮੀਟਿੰਗ ਦਾ ਸਮਾਂ ਨਾ ਦਿੱਤਾ ਗਿਆ ਤਾਂ 3 ਮਈ ਨੂੰ ਖੰਨਾ ਵਿਚ ਵੱਡੇ ਪੱਧਰ 'ਤੇ ਰੋਸ ਰੈਲੀ ਕਰਕੇ ਸਰਕਾਰ ਦੀ ਮਜ਼ਦੂਰ ਵਿਰੋਧੀ ਨੀਤੀ ਨੂੰ ਬੇਨਿਕਾਬ ਕੀਤਾ ਜਾਵੇਗਾ |