ਭੂੰਦੜੀ, 2 ਮਈ (ਕੁਲਦੀਪ ਸਿੰਘ ਮਾਨ)-ਸੇਂਟ ਜੇਵੀਅਰ ਕਾਨਵੈਂਟ ਸਕੂਲ ਦੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਆਉਣ ਉਪਰੰਤ ਸਕੂਲ ਵਲੋਂ ਇਕ ਦਿਨ ਦੀ ਵਿਸ਼ੇਸ਼ ਇਤਿਹਾਸਕ ਯਾਤਰਾ ਕਰਵਾਈ ਗਈ | ਇਸ ਦੌਰਾਨ ਵਿਦਿਆਰਥੀਆਂ ਨੂੰ ਗੁਰਦੁਆਰਾ ਮੈਹਦੇਆਣਾ ਸਾਹਿਬ ਲਿਜਾਇਆ ਗਿਆ | ਵਿਦਿਆਰਥੀਆਂ ਦੇ ਉਤਸ਼ਾਹ ਨੂੰ ਧਿਆਨ ਵਿਚ ਰੱਖਦਿਆਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਧਾਰਮਿਕ ਅਸਥਾਨ 'ਤੇ ਮੱਥਾ ਟੇਕ ਕੇ ਸ਼ੁਕਰਾਨਾ ਕੀਤਾ | ਗੁਰਦੁਆਰਾ ਮੈਹਦੇਆਣਾ ਸਾਹਿਬ ਵਿਖੇ ਜਾ ਕੇ ਬੱਚਿਆਂ ਨੂੰ ਸਿੱਖਾਂ ਦੀਆਂ ਸ਼ਹੀਦੀਆਂ ਨਾਲ ਸਬੰਧਿਤ ਬਣੇ ਬੁੱਤਾਂ ਰਾਹੀਂ ਇਤਿਹਾਸ ਬਾਰੇ ਜਾਣੂ ਕਰਵਾਇਆ ਗਿਆ | ਉਥੇ ਸਥਾਪਿਤ ਬੁੱਤ ਸਿੱਖ ਕੌਮ ਦੀਆਂ ਕੁਰਬਾਨੀਆਂ ਦਾ ਜੀਵੰਤ ਦਰਸ਼ਨ ਕਰਾਉਂਦੇ ਹਨ | ਅਧਿਆਪਕਾਂ ਵਲੋਂ ਦੱਸਿਆ ਗਿਆ ਕਿ ਇਸ ਪਵਿੱਤਰ ਅਸਥਾਨ ਨੂੰ ਦਸਵੇਂ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇਸ ਨੂੰ ਸਿੱਖ ਇਤਿਹਾਸ ਦੇ ਸਕੂਲ ਵਜੋਂ ਵੀ ਜਾਣਿਆ ਜਾਂਦਾ ਹੈ | ਇਹ ਵੀ ਜਾਣਕਾਰੀ ਦਿੱਤੀ ਗਈ ਕਿ ਮੁਗਲ ਕਾਲ ਦੌਰਾਨ ਗੁਰੂ ਸਾਹਿਬ ਮਾਣੂੰਕੇ ਅਤੇ ਰਾਏਕੋਟ ਤੋਂ ਹੁੰਦੇ ਹੋਏ ਇੱਥੇ ਆਏ ਸਨ ਅਤੇ ਇੱਥੇ ਵਿਸ਼ਰਾਮ ਕਰਕੇ ਬੰਦਗੀ ਕੀਤੀ ਸੀ | ਇਸ ਤੋਂ ਬਾਅਦ ਵਿਦਿਆਰਥੀਆਂ ਨੇ ਲੰਗਰ ਛਕਿਆ ਅਤੇ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ | ਇਸ ਇਤਿਹਾਸਕ ਯਾਤਰਾ ਰਾਹੀਂ ਬੱਚਿਆਂ ਨੂੰ ਬਹੁਤ ਕੁਝ ਸਿੱਖਣ ਦਾ ਮੌਕਾ ਮਿਲਿਆ | ਇਸ ਮੌਕੇ ਪਿ੍ੰਸੀਪਲ ਮੈਡਮ ਜਸਵੰਤ ਕੌਰ ਢੱਟ ਨੇ ਬੱਚਿਆਂ ਦੇ ਉਤਸ਼ਾਹ ਦੀ ਪ੍ਰਸੰਸਾ ਕਰਦਿਆਂ ਖੁਸ਼ੀ ਜਤਾਈ | ਸਕੂਲ ਦੇ ਚੇਅਰਮੈਨ ਸ: ਇੰਦਰਜੀਤ ਸਿੰਘ ਸੰਘਾ, ਸ: ਪਰਗਟ ਸਿੰਘ ਸੰਘਾ ਅਤੇ ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਢੱਟ ਵਲੋਂ ਵੀ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ |