ਜਗਰਾਉਂ, 9 ਮਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਅੰਦਰ ਸਫ਼ਾਈ ਸੇਵਕਾਂ ਤੇ ਮਿਉਂਸੀਪਲ ਕਾਮਿਆਂ ਵਲੋਂ 6 ਮਈ ਤੋਂ ਸ਼ੁਰੂ ਕੀਤਾ ਗਿਆ ਸੰਘਰਸ਼ ਅੱਜ ਚੌਥੇ ਦਿਨ ਵਿਚ ਦਾਖ਼ਲ ਹੋ ਗਿਆ | ਚਾਰ ਦਿਨ ਬੀਤ ਜਾਣ ਦੇ ਬਾਵਜੂਦ ਵੀ ਸਰਕਾਰੀ ਤੌਰ 'ਤੇ ਕਿਸੇ ਵੀ ਮੰਤਰੀ ਜਾਂ ਸਰਕਾਰੀ ਅਧਿਕਾਰੀ ਵਲੋਂ ਨਾ ਤਾਂ ਕੋਈ ਬਿਆਨ ਦਿੱਤਾ ਗਿਆ ਅਤੇ ਨਾ ਹੀ ਮੀਟਿੰਗ ਲਈ ਕੋਈ ਸਮਾਂ ਦਿੱਤਾ ਗਿਆ | ਜਿਸ ਕਾਰਨ ਸਫ਼ਾਈ ਸੇਵਕਾਂ ਅਤੇ ਮਿਉਂਸੀਪਲ ਕਾਮਿਆਂ ਦੇ ਮਨਾਂ ਅੰਦਰ ਰੋਸ ਲਗਾਤਾਰ ਵੱਧਦਾ ਜਾ ਰਿਹਾ ਹੈ | ਸਫ਼ਾਈ ਸੇਵਕ ਯੂਨੀਅਨ ਅਤੇ ਮਿਉਂਸੀਪਲ ਐਕਸ਼ਨ ਕਮੇਟੀ ਪੰਜਾਬ ਦੇ ਆਗੂ ਸਕੱਤਰ ਰਜਿੰਦਰ ਕੁਮਾਰ ਨੇ ਕਿਹਾ ਕਿ ਸਰਕਾਰ ਦੀ ਚੁੱਪ ਸਫ਼ਾਈ ਸੇਵਕਾਂ ਨਾਲ ਵੱਡਾ ਧੋਖਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜਲਦ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸੜਕਾਂ 'ਤੇ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ | ਧਰਨੇ ਦੌਰਾਨ ਕੌਮੀ ਕਲਾਕਾਰ ਸੰਤੋਖ ਰਾਮ ਗਿੱਲ ਵਲੋਂ ਮਾਂ ਸਬੰਧੀ ਗੀਤ ਗਾ ਕੇ ਧਰਨੇ 'ਤੇ ਬੈਠੀਆਂ ਬੀਬੀਆਂ ਨੂੰ ਭਾਵੁਕ ਕਰ ਦਿੱਤਾ ਗਿਆ | ਸਮਾਜ ਸੇਵੀ ਪਰਮਜੀਤ ਸਿੰਘ ਰਿੰਪੀ ਲੱਧੜ ਵਲੋਂ ਧਰਨੇ ਲਈ ਸੇਵਾਵਾਂ ਨਿਭਾਈਆਂ ਗਈਆਂ | ਜਿਸ ਲਈ ਸਮੂਹ ਸਫਾਈ ਸੇਵਕਾਂ ਅਤੇ ਮਿਉਂਸੀਪਲ ਕਾਮਿਆਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ | ਸੰਘਰਸ਼ ਲੰਮਾ ਚੱਲਣ ਦੀ ਸੰਭਾਵਨਾ ਨੂੰ ਦੇਖਦਿਆਂ ਸਫ਼ਾਈ ਸੇਵਕਾਂ ਅਤੇ ਮਿਉਂਸੀਪਲ ਕਾਮਿਆਂ ਵਲੋਂ ਪੱਕੇ ਧਰਨਾ ਜਾਰੀ ਰਹੇਗਾ | ਅੱਜ ਚੌਥੇ ਦਿਨ ਇਸ ਧਰਨੇ ਦੌਰਾਨ ਬੀਬੀਆਂ ਨੇ ਵੱਡੀ ਪੱਧਰ 'ਤੇ ਸ਼ਮੂਲੀਅਤ ਕੀਤੀ |