ਮੁੱਲਾਂਪੁਰ-ਦਾਖਾ, 15 ਮਈ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੰਡੀ ਮੁੱਲਾਂਪੁਰ-ਦਾਖਾ ਦੇ ਸਫਾਈ ਸੇਵਕ, ਸੀਵਰਮੈਨਾਂ ਦੀ ਹੜਤਾਲ ਅੱਜ 11ਵੇਂ ਦਿਨ ਵੀ ਜਾਰੀ ਰਹੀ | ਸਫ਼ਾਈ ਸੇਵਕਾਂ ਦੀ ਹੜਤਾਲ 'ਤੇ ਚੱਲਦਿਆਂ ਪੂਰੇ ਸ਼ਹਿਰ ਅੰਦਰ ਗਲੀ ਮੁਹੱਲੇ ਕੂੜੇ ਦੇ ਢੇਰ ਲੱਗੇ ਪਏ ਹਨ | ਧਰਨੇ 'ਤੇ ਬੈਠੇ ਸਫ਼ਾਈ ਸੇਵਕਾਂ ਦੀ ਅਗਵਾਈ ਕਰ ਰਹੇ ਅਸ਼ੋਕ ਕੁਮਾਰ ਨਾਲ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀਆਂ ਹੱਕੀ ਮੰਗਾਂ ਲਈ ਹੜਤਾਲ 'ਤੇ ਉਦੋਂ ਆਏ, ਜਦ ਸਰਕਾਰ ਨੇ ਪਿਛਲੇ 4 ਵਰ੍ਹੇ ਸਾਡੀ ਇਕ ਨਾ ਸੁਣੀ | ਉਨ੍ਹਾਂ ਦੱਸਿਆ ਕਿ ਕੱਚੇ ਸਫਾਈ ਸੇਵਕਾਂ ਨੂੰ ਪੰਜਾਬ ਸਰਕਾਰ ਰੈਗੂਲਰ ਨਹੀਂ ਕਰ ਰਹੀ, ਨਾ ਹੀ 6ਵੇਂ ਪੇਅ ਕਮਿਸ਼ਨ ਵਿਚ ਬੰਦ ਕੀਤੇ ਭੱਤੇ ਏ.ਸੀ.ਪੀ ਸਕੀਮ ਤਹਿਤ ਮੁੜ ਬਹਾਲ ਨਹੀਂ ਹੋ ਰਹੇ | ਸਫ਼ਾਈ ਸੇਵਕਾਂ ਦੀ ਹੜਤਾਲ ਦਾ ਇਨ੍ਹਾਂ ਕਾਮਿਆਂ ਨੂੰ ਲਾਭ ਹੋਵੇਗਾ ਜਾਂ ਨਹੀਂ, ਪ੍ਰੰਤੂ ਕੂੜੇ ਢੇਰ ਰਸਤਿਆਂ ਦੇ ਕਿਨਾਰੇ ਤੱਕ ਆਉਣ ਨਾਲ ਆਮ ਲੋਕਾਂ ਦਾ ਲੰਘਣਾ ਔਖਾ ਹੋਇਆ ਪਿਆ | ਸਥਾਨਕ ਸ਼ਹਿਰ 'ਚ ਆਮ ਆਦਮੀ ਪਾਰਟੀ ਦੇ ਕਈ ਅਹੁਦਿਆਂ 'ਤੇ ਤਾਇਨਾਤ ਆਗੂਆਂ ਨਾਲ ਸਫ਼ਾਈ ਕਾਮਿਆਂ ਦੀ ਹੜਤਾਲ ਨੂੰ ਲੈ ਕੇ ਗੱਲਬਾਤ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਸਾਡੇ ਵੱਸੋਂ ਬਾਹਰ, ਉੱਪਰਲੇ ਪੱਧਰ 'ਤੇ ਹੱਲ ਹੋਣਾ ਹੈ | ਸਫ਼ਾਈ ਸੇਵਕਾਂ ਦੀ ਹੜਤਾਲ ਵਿਚ ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਪੰਜਾਬ ਸਿੰਘ, ਰਾਜੂ, ਅੰਮਿ੍ਤਪਾਲ, ਵਿੱਕੀ ਕੁਮਾਰ, ਸਤੀਸ਼ ਕੁਮਾਰ, ਧਰਮਿੰਦਰ, ਪਿੰਕੀ, ਮਨੋਜ ਕੁਮਾਰ, ਉਰਮਿਲਾ, ਸੁਮਨ, ਰੇਖਾ, ਸੰਤੋਸ਼, ਸੁਨੀਤਾ, ਜੈਵੀਰ ਹੋਰ ਮੌਜੂਦ ਰਹੇ |