ਜਗਰਾਉਂ, 23 ਮਈ (ਗੁਰਦੀਪ ਸਿੰਘ ਮਲਕ)-ਕਾਂਗਰਸ ਤੋਂ ਇਲਾਵਾ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਪਤਾ ਨਹੀਂ ਕੀ ਮਜ਼ਬੂਰੀ ਹੈ ਕਿ ਉਨ੍ਹਾਂ ਦੀ ਟਿਕਟ ਅਤੇ ਚੋਣ ਨਿਸ਼ਾਨ 'ਤੇ ਚੋਣ ਲੜ ਰਹੇ ਅਧਿਕਾਰਤ ਉਮੀਦਵਾਰ ਦੇ ਪਰਿਵਾਰ ਦਾ ਇਕ ਹੋਰ ਜੀਅ ਦੂਜੇ ਵਾਰਡ 'ਚੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਿਹਾ ਹੈ | ਅਜਿਹਾ ਕਰਕੇ ਨਾ ਕੇਵਲ ਇਹ ਉਮੀਦਵਾਰ 'ਬਾਗ਼ੀ' ਹੋਏ ਹਨ ਸਗੋਂ ਪਾਰਟੀ ਉਮੀਦਵਾਰ ਦੇ ਉਲਟਾ ਖੜ੍ਹੇ ਹੋ ਕੇ ਉਨ੍ਹਾਂ ਨੂੰ ਹੀ ਹਰਾਉਣ ਦੇ ਕੰਮ 'ਚ ਲੱਗੇ ਹਨ | ਸਿਤਮਜ਼ਰੀਫੀ ਦੇਖੋ ਕਿ ਇਹ ਸਭ ਹੋਣ ਦੇ ਬਾਵਜੂਦ ਇਹ ਪਾਰਟੀਆਂ ਕੋਈ 'ਐਕਸ਼ਨ' ਲੈਣ ਦੇ ਸਮਰੱਥ ਨਜ਼ਰ ਨਹੀਂ ਆ ਰਹੀਆਂ | ਸੰਭਵ ਹੈ ਕਿ ਇੰਨ੍ਹਾਂ ਸਿਆਸੀ ਧਿਰਾਂ ਦੇ ਆਗੂਆਂ ਦੀ 'ਬਾਗ਼ੀਆਂ' ਨੂੰ ਮੂਕ ਸਹਿਮਤੀ ਹੋਵੇ | ਆਮ ਤੌਰ 'ਤੇ ਆਜ਼ਾਦ ਜਿੱਤਣ ਵਾਲਿਆਂ ਨੂੰ ਮੌਕੇ ਦੇ ਹਾਲਾਤਾਂ ਮੁਤਾਬਕ ਸਿਆਸੀ ਧਿਰ ਅਪਣਾ ਵੀ ਲੈਂਦੀ ਹੈ | ਮਿਸਾਲ ਵਜੋਂ ਲੋਕ ਸਭਾ ਚੋਣਾਂ ਮੌਕੇ ਜਦੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਤੋਂ ਚੋਣ ਲੜੀ ਤਾਂ ਜਗਰਾਉਂ ਦੇ ਅਮਰਨਾਥ ਕਾਲਾ ਕਲਿਆਣ ਦੀ ਕਾਂਗਰਸ 'ਚ ਵਾਪਸੀ ਹੋ ਗਈ | ਨਗਰ ਕੌਂਸਲ ਚੋਣਾਂ 'ਚ ਹੁਣ ਉਹ ਆਪਣੀ ਨੂੰਹ ਪਰਮਿੰਦਰ ਕੌਰ ਕਲਿਆਣ ਨੂੰ ਵਾਰਡ ਨੰਬਰ 9 ਤੋਂ ਕਾਂਗਰਸ ਦੀ ਟਿਕਟ ਦਿਵਾਉਣ 'ਚ ਸਫ਼ਲ ਰਿਹਾ | ਨੂੰਹ ਟਿਕਟ ਦਿਵਾਉਣ ਮਗਰੋਂ ਕਾਲਾ ਕਲਿਆਣ ਖੁਦ ਨਾਲ ਦੇ ਵਾਰਡ ਨੰਬਰ 8 ਤੋਂ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਹੋ ਗਿਆ | ਇਸੇ ਤਰ੍ਹਾਂ ਵਾਰਡ ਨੰਬਰ 5 'ਚ ਆਮ ਆਦਮੀ ਪਾਰਟੀ ਨੇ ਰਵਿੰਦਰਪਾਲ ਕੌਰ ਨੂੰ ਟਿਕਟ ਦਿੱਤੀ ਹੈ ਤੇ ਇੱਥੋਂ 10 ਨੰਬਰ ਵਾਰਡ ਦੇ 'ਆਪ' ਉਮੀਦਵਾਰ ਕੰਵਰਪਾਲ ਸਿੰਘ ਨੇ ਆਪਣੀ ਲੁਧਿਆਣੇ ਵਿਆਹੀ ਧੀ ਪਰਮਿੰਦਰ ਕੌਰ ਨੂੰ ਲਿਆ ਕੇ ਆਜ਼ਾਦ ਉਮੀਦਵਾਰ ਵਜੋਂ ਖੜ੍ਹਾ ਕਰ ਦਿੱਤਾ | ਹੁਣ ਇਹ ਆਜ਼ਾਦ ਉਮੀਦਵਾਰ ਆਪੋ-ਆਪਣੀ ਪਾਰਟੀ ਦੇ ਉਮੀਦਵਾਰਾਂ ਖ਼ਿਲਾਫ਼ ਚੋਣ ਲੜ ਕੇ 'ਆਪਣੀ' ਹੀ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕੰਮ ਕਰ ਰਹੇ ਹਨ | ਕੰਵਰਪਾਲ ਸਿੰਘ ਨੂੰ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਨਗਰ ਕੌਂਸਲ ਦਾ ਕੁਝ ਦਿਨ ਲਈ ਪ੍ਰਧਾਨ ਵੀ ਬਣਾਇਆ | ਉਹ ਕਾਂਗਰਸ ਛੱਡ ਕੇ 'ਆਪ' 'ਚ ਗਿਆ ਹੈ | ਲੋਕ ਹੈਰਾਨ ਹਨ ਕਿ ਇਓਾ ਬਗ਼ਾਵਤ ਕਰਕੇ ਆਜ਼ਾਦ ਚੋਣ ਲੜਨ ਵਾਲੇ ਕਾਂਗਰਸ ਤੇ 'ਆਪ' ਦੇ ਆਗੂਆਂ ਖ਼ਿਲਾਫ਼ ਇਹ ਪਾਰਟੀਆਂ ਕਾਰਵਾਈ ਕਿਉਂ ਨਹੀਂ ਕਰਦੀਆਂ? ਹੈਰਾਨੀ ਤਾਂ ਇਸ ਗੱਲ ਦੀ ਵੀ ਹੈ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਉਨ੍ਹਾਂ ਦੀ ਪਤਨੀ ਅੰਮਿ੍ਤਾ ਵੜਿੰਗ ਜਗਰਾਉਂ 'ਚ ਕਾਂਗਰਸੀ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਪਰਿਵਾਰਾਂ ਦੇ ਉਮੀਦਵਾਰਾਂ ਲਈ ਵੀ ਵੋਟਾਂ ਮੰਗ ਰਹੇ ਹਨ ਜਿਨ੍ਹਾਂ ਨੇ ਲੋਕ ਸਭਾ ਚੋਣਾਂ ਦੌਰਾਨ ਇਸੇ ਸੂਬਾ ਪ੍ਰਧਾਨ ਖ਼ਿਲਾਫ਼ ਖੜ੍ਹੇ 'ਆਪ' ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੀ ਨਾ ਸਿਰਫ਼ ਮਦਦ ਕੀਤੀ ਸਗੋਂ ਉਨ੍ਹਾਂ ਦੇ ਸਥਾਨਕ ਦਫ਼ਤਰ ਤੇ ਚੋਣ ਸਰਗਰਮੀ 'ਚ ਪੂਰੀ ਸਰਗਰਮੀ ਵੀ ਦਿਖਾਈ |