ਭੂੰਦੜੀ, 26 ਮਈ (ਕੁਲਦੀਪ ਸਿੰਘ ਮਾਨ)-ਸਥਾਨਕ ਭੂੰਦੜੀ ਦੇ ਮੇਨ ਬਾਜ਼ਾਰ ਵਿਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਤੂੜੀ ਨਾਲ ਭਰੇ ਭੁੰਗ ਵਾਲੇ ਇਕ ਸੋਨਾਲੀਕਾ ਟਰੈਕਟਰ ਅਤੇ ਰੇਤ ਵਾਲੀ ਟਰਾਲੀ ਨਾਲ ਆ ਰਹੇ ਦੂਜੇ ਸੋਨਾਲੀਕਾ ਟਰੈਕਟਰ ਦੀ ਆਹਮਣੇ-ਸਾਹਮਣੇ ਭਿਆਨਕ ਟੱਕਰ ਹੋ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਇਕ ਟਰੈਕਟਰ ਵਿਚਕਾਰੋਂ ਟੁੱਟ ਗਿਆ ਅਤੇ ਉਸ ਦਾ ਅਗਲਾ ਹਿੱਸਾ ਵੱਖ ਹੋ ਕੇ ਇਕ ਦੁਕਾਨ ਦੇ ਸ਼ਟਰ ਕੋਲ ਜਾ ਡਿੱਗਿਆ | ਮੌਕੇ 'ਤੇ ਪੁਲਿਸ ਪਾਰਟੀ ਪਹੁੰਚੀ ਅਤੇ ਹਾਦਸੇ ਦਾ ਜਾਇਜ਼ਾ ਲਿਆ | ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਦੇ ਜਾਂਚ ਅਧਿਕਾਰੀ ਜਸਵੰਤ ਸਿੰਘ ਏ.ਐੱਸ.ਆਈ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ 'ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ | ਜਾਂਚ ਦੌਰਾਨ ਪਤਾ ਲੱਗਿਆ ਕਿ ਦੋਵੇਂ ਟਰੈਕਟਰ ਤੇਜ਼ ਰਫ਼ਤਾਰ ਵਿਚ ਸਨ, ਜਿਸ ਕਾਰਨ ਟੱਕਰ ਦੌਰਾਨ ਵੱਡਾ ਨੁਕਸਾਨ ਹੋਇਆ | ਇਕ ਟਰੈਕਟਰ ਰੇਤ ਖ਼ਾਲੀ ਕਰਕੇ ਵਾਪਸ ਆ ਰਿਹਾ ਸੀ, ਜਦਕਿ ਦੂਜਾ ਟਰੈਕਟਰ ਮੋਗਾ ਤੋਂ ਲੁਧਿਆਣਾ ਵੱਲ ਤੂੜੀ ਨਾਲ ਲੱਦਿਆ ਹੋਇਆ ਜਾ ਰਿਹਾ ਸੀ | ਹਾਦਸੇ ਵਿਚ ਦੋਵੇਂ ਟਰੈਕਟਰਾਂ ਦਾ ਭਾਰੀ ਨੁਕਸਾਨ ਹੋਇਆ, ਹਾਲਾਂਕਿ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ | ਦੁਕਾਨਦਾਰ ਸਵਰਨ ਕੁਮਾਰ ਮਿੱਤਲ ਅਤੇ ਜਸਪਾਲ ਸਿੰਘ ਜੱਸਾ ਫੋਰਮੈਨ ਨੇ ਦੱਸਿਆ ਕਿ ਮੇਨ ਬਾਜ਼ਾਰ ਵਿਚ ਵਾਹਨ ਅਕਸਰ ਬਹੁਤ ਤੇਜ਼ ਰਫ਼ਤਾਰ ਨਾਲ ਲੰਘਦੇ ਹਨ ਅਤੇ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ | ਉਨ੍ਹਾਂ ਕਿਹਾ ਕਿ ਸੜਕ 'ਤੇ ਪ੍ਰੀਮਿਕਸ ਪੈਣ ਤੋਂ ਬਾਅਦ ਵਾਹਨਾਂ ਦੀ ਰਫ਼ਤਾਰ ਹੋਰ ਵੱਧ ਗਈ ਹੈ ਅਤੇ ਇਸ 'ਤੇ ਕੋਈ ਨਿਯੰਤਰਣ ਨਹੀਂ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਜ਼ਾਰ ਵਿਚ ਸਪੀਡ ਬ੍ਰੇਕਰ (ਹੰਪ) ਬਣਾਏ ਜਾਣ ਤਾਂ ਜੋ ਵਾਹਨ ਚਾਲਕ ਰਫ਼ਤਾਰ ਘੱਟ ਕਰਕੇ ਲੰਘਣ | ਉਨ੍ਹਾਂ ਕਿਹਾ ਕਿ ਜੇ ਇਹ ਘਟਨਾ ਦਿਨ ਦੇ ਸਮੇਂ ਵਾਪਰਦੀ ਤਾਂ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਸਕਦਾ ਸੀ | ਦੁਕਾਨਦਾਰਾਂ ਨੇ ਇਹ ਵੀ ਕਿਹਾ ਕਿ ਮੇਨ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਆਵਾਜਾਈ ਕਾਰਨ ਹਰ ਵੇਲੇ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਾਜ਼ਾਰ ਵਿਚ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਨਿਯੰਤਰਣ ਕੀਤਾ ਜਾਵੇ ਤਾਂ ਜੋ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ |