ਮੁੱਲਾਂਪੁਰ-ਦਾਖਾ, 26 ਮਈ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਸਰਕਾਰ, ਪੰਜਾਬ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੇਠ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਦੇ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ) ਡਾ. ਅੰਕੁਰ ਗੁਪਤਾ ਦੇ ਆਦੇਸ਼ਾਂ ਹੇਠ ਨਸ਼ਾ ਵਿਰੋਧੀ ਪ੍ਰੋਗਰਾਮ ਅਸਰਦਾਰ ਬਣਾਉਣ ਲਈ ਦਾਖਾ ਪੁਲਿਸ ਸਬ ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਲੋਕਾਂ ਵਿਚ ਜਾ ਕੇ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਸੈਮੀਨਾਰ ਕਰ ਰਹੇ ਹਨ | ਅੱਡਾ ਦਾਖਾ ਮੰਡੀ ਮੁੱਲਾਂਪੁਰ ਗੁਰੂ ਨਾਨਕ ਚੈਰੀਟੇਬਲ ਟਰੱਸਟ ਦੇ ਅਦਾਰੇ ਗੁਰਮਤਿ ਭਵਨ ਦੇ ਪ੍ਰਬੰਧਕ ਡਾ. ਅਮਰਪ੍ਰੀਤ ਸਿੰਘ ਦਿਓਲ ਵਲੋਂ ਇਲਾਕੇ ਦੇ ਪੰਚਾਂ-ਸਰਪੰਚਾਂ, ਸ਼ਹਿਰੀ-ਪੇਂਡੂ ਨੌਜਵਾਨਾਂ ਨੂੰ ਨਾਲ ਲੈ ਕੇ ਕਰਵਾਏ ਨਸ਼ਾ ਵਿਰੋਧੀ ਸੈਮੀਨਾਰ ਨੂੰ ਸੰਬੋਧਨ ਸਮੇਂ ਡੀ.ਐੱਸ.ਪੀ ਕਰਨ ਸਿੰਘ ਸੰਧੂ ਨੇ ਕਿਹਾ ਕਿ ਨਸ਼ਿਆਂ ਕਾਰਨ ਸਿਰਫ਼ ਇਕ ਵਿਅਕਤੀ ਨਹੀਂ, ਸਗੋਂ ਪੂਰਾ ਪਰਿਵਾਰ ਇਥੋਂ ਤੱਕ ਕਿ ਸਮਾਜ ਵੀ ਪ੍ਰਭਾਵਿਤ ਹੁੰਦਾ, ਇਸ ਬੁਰਾਈ ਨੂੰ ਖਤਮ ਕਰਨ ਲਈ ਪੁਲਿਸ ਲੋਕਾਂ ਦੀ ਮਦਦ ਨਾਲ ਕਾਮਯਾਬ ਹੋ ਰਹੀ ਹੈ, ਅੱਗੋਂ ਵੀ ਨਸ਼ਿਆਂ ਵਿਰੁੱਧ ਯੁੱਧ ਜਾਰੀ ਰਹੇਗਾ | ਡੀ.ਐੱਸ.ਪੀ. ਸੰਧੂ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਦਾ ਭਵਿੱਖ ਸੁਰੱਖਿਅਤ ਕਰਨ ਲਈ ਪੰਜਾਬ ਸਰਕਾਰ, ਪੰਜਾਬ ਪੁਲਿਸ ਵਲੋਂ ਯੁੱਧ ਨਸ਼ਿਆਂ ਵਿਰੁੱਧ ਪੜਾਅਵਾਰ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਆਮ ਲੋਕਾਂ, ਗ੍ਰਾਮ ਪੰਚਾਇਤਾਂ, ਸਿੱਖਿਆ ਸੰਸਥਾਵਾਂ, ਸੰਗਠਨਾਂ ਨੂੰ ਨਾਲ ਲਿਆ ਜਾ ਰਿਹਾ ਤਾਂ ਕਿ ਹਰ ਕੋਈ ਨੌਜਵਾਨਾਂ ਨੂੰ ਪ੍ਰੇਰ ਕੇ ਪੜ੍ਹਾਈ, ਘਰ ਦਾ ਕੰਮ ਧੰਦਾ, ਖੇਡਾਂ ਵੱਲ ਮੋੜੀ ਰੱਖੇ | ਕਈ ਪਿੰਡਾਂ 'ਚ ਪਹਿਲਾਂ ਵੀ ਨਸ਼ਿਆਂ ਦੀ ਰੋਕਥਾਮ ਲਈ ਵਿਲੇਜ ਡਿਫੈਂਸ ਕਮੇਟੀਆਂ ਦੀ ਸ਼ਲਾਘਾ ਕਰਦਿਆਂ ਡੀ.ਐੱਸ.ਪੀ ਕਰਨ ਸਿੰਘ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਦੇ ਓਟ ਸੈਂਟਰਾਂ ਵਾਂਗ ਗੁਰਮਤਿ ਭਵਨ ਵਰਗੇ ਅਦਾਰੇ ਨਸ਼ਾ ਰੋਗੀਆਂ ਦੇ ਇਲਾਜ ਵਿਚ ਲੱਗੇ ਹੋਏ ਹਨ | ਡੀ.ਐੱਸ.ਪੀ. ਸੰਧੂ ਵਲੋਂ ਚੋਣਵੇਂ ਨੌਜਵਾਨਾਂ ਨੂੰ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਲੜਾਈ ਕੇਵਲ ਪੁਲਿਸ ਜਾਂ ਪੱਤਰਕਾਰਾਂ ਦੀ ਨਹੀਂ ਲੋਕ ਵੀ ਆਪਣੇ ਘਰਾਂ 'ਚੋਂ ਬਾਹਰ ਆ ਕੇ ਨਸ਼ਿਆਂ ਵਿਰੁੱਧ ਜੰਗ ਵਿਚ ਹਿੱਸਾ ਪਾਉਣ | ਡੀ.ਐੱਸ.ਪੀ. ਸੰਧੂ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਮੁਹਿੰਮ ਪੁਲਿਸ ਅਤੇ ਸਮੂਹ ਸਮਾਜ ਦਾ ਸਾਂਝਾ ਮਿਸ਼ਨ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਿਸ ਘਰ 'ਚ ਨਸ਼ੇ ਦੀ ਤੀਲੀ ਸੁਲਘ ਗਈ, ਉਸ ਬੱਚੇ ਦੇ ਮਾਤਾ-ਪਿਤਾ, ਵੱਡੇ ਭੈਣ-ਭਰਾਵਾਂ ਨੂੰ ਸੱਚ ਲੁਕਾਉਣ ਦੀ ਥਾਂ ਨੌਜਵਾਨ ਨੂੰ ਨਸ਼ਾ ਮੁਕਤ ਬਣਾਉਣ ਲਈ ਪਿੰਡ ਦੇ ਸਰਪੰਚ, ਵਾਰਡ ਦੇ ਕੌਂਸਲਰ ਜਾਂ ਸਬੰਧਿਤ ਥਾਣੇ ਦਾ ਕੁੁੰਡਾ ਖੜਕਾਉਣਾ ਚਾਹੀਦਾ | ਡੀ.ਐੱਸ.ਪੀ. ਕਰਨ ਸਿੰਘ ਸੰਧੂ ਨੇ ਆਪਣਾ ਨਿੱਜੀ ਮੋਬਾਇਲ ਨੰਬਰ ਜਨਤਕ ਕਰਦਿਆਂ ਕਿਹਾ ਕਿ ਕਿਸੇ ਵੀ ਨਸ਼ਾ ਤਸਕਰ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ ਵਾਲੇ ਦਾ ਨਾਂਅ ਪੁਲਿਸ ਵਲੋਂ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ | ਡਾ: ਅਮਰਪ੍ਰੀਤ ਸਿੰਘ ਦਿਓਲ ਵਲੋਂ ਗੁਰਮਤਿ ਭਵਨ ਅੰਦਰ ਚੱਲ ਰਹੇ ਨਸ਼ਾ ਛੁਡਾਊ ਕੇਂਦਰ ਦੀਆਂ ਪ੍ਰਾਪਤੀਆਂ ਦਾ ਖੁਲਾਸਾ ਕਰਦਿਆਂ ਕਿਹਾ ਕਿ ਸਾਡੇ ਨਸ਼ਾ ਛੁਡਾਊ ਕੇਂਦਰ 'ਚੋਂ ਨਸ਼ਾ ਰੋਗੀ ਇਲਾਜ ਕਰਵਾ ਕੇ ਅੱਜ ਪਰਿਵਾਰ ਪਾਲ ਰਹੇ ਹਨ | ਡਾ: ਦਿਓਲ ਵਲੋਂ ਡੀ.ਐੱਸ.ਪੀ ਸੰਧੂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜਦ ਪੁਲਿਸ ਨਸ਼ਾ ਤਸਕਰਾਂ ਨੂੰ ਫੜ੍ਹਨ ਲਈ ਸੈਮੀਨਾਰਾਂ 'ਚ ਬੈਠ ਕੇ ਲੋਕਾਂ ਦੇ ਸਵਾਲ-ਜਵਾਬ ਦਾ ਸਾਹਮਣਾ ਕਰਕੇ ਆਪਣਾ ਮੋਬਾਇਲ ਨੰਬਰ ਜਨਤਕ ਕਰੇ ਤਾਂ ਨਸ਼ਾ ਤਸਕਰੀ ਰੋਕਣ ਲਈ ਆਮ ਲੋਕਾਂ ਦਾ ਵੀ ਉਤਸ਼ਾਹ ਵਧਦਾ ਹੈ | ਗ੍ਰਾਮ ਪੰਚਾਇਤ ਸਰਪੰਚ ਪਮਾਲ ਬਲਵਿੰਦਰ ਸਿੰਘ ਸੇਖੋਂ, ਸਾਬਕਾ ਸਰਪੰਚ ਮੁੱਲਾਂਪੁਰ ਸਿਕੰਦਰ ਸਿੰਘ ਧਨੋਆ, ਸਰਪੰਚ ਬੋਪਾਰਾਏ ਕਲਾਂ ਜਗਤਿੰਦਰ ਸਿੰਘ, ਸਰਪੰਚ ਭਨੋਹੜ ਬੂਟਾ ਸਿੰਘ, ਕੌਂਸਲਰ ਸੁਭਾਸ਼, ਪਰਵਿੰਦਰ ਸਿੰਘ ਧਾਲੀਵਾਲ, ਮਲਕੀਤ ਸਿੰਘ ਪੱਤਰਕਾਰ, ਹੋਰਨਾਂ ਵਲੋਂ ਨਸ਼ਿਆਂ ਵਿਰੁੱਧ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਪੰਜਾਬ ਪੁਲਿਸ ਦੀ ਦਿ੍ੜ ਇੱਛਾ ਸ਼ਕਤੀ ਦੀ ਸ਼ਲਾਘਾ ਕੀਤੀ |