ਹਠੂਰ, 29 ਮਈ (ਜਸਵਿੰਦਰ ਸਿੰਘ ਛਿੰਦਾ)-ਅੱਜ-ਕੱਲ੍ਹ ਹਠੂਰ ਇਲਾਕੇ 'ਚ ਲੈਂਡ ਮਾਫ਼ੀਆ ਸਰਗਰਮ ਹੈ, ਜੋ ਲੋਕਾਂ ਦੀਆਂ ਜ਼ਮੀਨਾਂ ਦੇ ਨਾਜਾਇਜ਼ ਕਬਜ਼ੇ ਕਰਨ ਅਤੇ ਧੋਖਾਧੜੀ ਕਰਨ ਲਈ ਲੋਕਾਂ ਨੂੰ ਡਰਾ-ਧਮਕਾ ਰਿਹਾ ਹੈ | ਪ੍ਰਾਪਰਟੀ ਡੀਲਰ ਦੀ ਆੜ 'ਚ ਕੁਝ ਲੋਕਾਂ ਦਾ ਇਹ ਗਿਰੋਹ ਆਮ ਲੋਕਾਂ ਦੀਆਂ ਜ਼ਮੀਨਾਂ ਖਰੀਦਣ ਦੇ ਨਾਂਅ 'ਤੇ ਪਹਿਲ ਕਰਦੇ ਹੋਏ ਜ਼ਮੀਨ ਖ਼ਰੀਦਦੇ ਹਨ ਅਤੇ ਫਿਰ ਧੱਕੇ ਨਾਲ ਉਸੇ ਛੋਟੇ ਕਿਸਾਨ ਨੂੰ ਰਹਿੰਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਨ ਦੇ ਹਰ ਹੱਥਕੰਡੇ ਅਪਣਾਏ ਜਾ ਰਹੇ ਹਨ | ਇਹ ਇਕ ਵੱਡਾ ਗਿਰੋਹ ਹੈ ਅਤੇ ਆਪਣੇ ਆਪ ਨੂੰ ਗੈਂਗਸਟਰਾਂ ਵਾਂਗ ਪੇਸ਼ ਕਰਕੇ ਆਮ ਲੋਕਾਂ 'ਚ ਆਪਣੀ ਦਹਿਸ਼ਤ ਪੈਦਾ ਕਰ ਰਿਹਾ ਹੈ | ਇਸ ਗਿਰੋਹ 'ਚ ਰਾਏਕੋਟ, ਨੂਰਪੁਰਾ, ਕਾਲਸਾਂ ਅਤੇ ਕਈ ਹੋਰ ਲੋਕ ਪਿੰਡਾਂ ਦੇ ਅਨਸਰ ਵੀ ਸ਼ਾਮਿਲ ਹਨ, ਜੋ ਕਿਸੇ ਨਾ ਕਿਸੇ ਲਾਲਚ 'ਚ ਇਕ-ਦੂਜੇ ਦਾ ਸਾਥ ਦੇ ਕੇ ਆਪਣਾ ਦਬਦਬਾ ਬਣਾ ਰਹੇ ਹਨ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਹ ਗਿਰੋਹ ਸਰਕਾਰੀ ਰੇਟ ਤੋਂ ਕਿਤੇ ਮਹਿੰਗੀਆਂ ਜ਼ਮੀਨਾਂ ਖਰੀਦਦੇ ਹਨ ਜੋ ਇਨ੍ਹਾਂ ਵਲੋਂ ਵੇਚਣ ਵਾਲਿਆਂ ਨਾਲ ਪਹਿਲਾਂ ਇਕਰਾਰਨਾਮਾ ਤਿਆਰ ਕਰਦੇ ਹਨ, ਉਸ 'ਚ ਸਰਕਾਰੀ ਰੇਟ ਤੋਂ ਕਿਤੇ ਵਧਕੇ ਮਿੱਥੀ ਰਕਮ ਲਿਖੀ ਹੁੰਦੀ ਹੈ, ਪਰ ਜਦੋਂ ਰਜ਼ਿਸਟਰੀ ਕਰਵਾਉਂਦੇ ਹਨ ਤਾਂ ਸਰਕਾਰੀ ਰੇਟ 'ਤੇ ਖਰੀਦੀ ਸ਼ੋਅ ਕਰਕੇ ਕਾਗਜ਼ ਤਿਆਰ ਕਰਦੇ ਹਨ | ਇਸ ਧੰਦੇ ਦੀ ਆੜ 'ਚ ਆਮ ਲੋਕਾਂ ਨਾਲ ਤਾਂ ਇਹ ਧੱਕੇਸ਼ਾਹੀ ਕਰਦੇ ਹੀ ਹਨ, ਸਗੋਂ ਸਰਕਾਰੀ ਖ਼ਜ਼ਾਨੇ ਨੂੰ ਵੀ ਵੱਡਾ ਚੂਨਾ ਲਾ ਰਹੇ ਹਨ | ਜੇਕਰ ਇਸ ਦੀ ਪੜਤਾਲ ਹੋਵੇ ਤਾਂ ਸੱਚ ਸਾਹਮਣੇ ਆ ਜਾਵੇਗਾ | ਇੱਥੇ ਹੀ ਵੱਸ ਨਹੀਂ ਉਕਤ ਲੋਕ ਜ਼ਮੀਨ ਵੇਚਣ ਵਾਲੇ ਕਿਸਾਨ ਨਾਲ ਇਕਰਾਰਨਾਮਾ ਇਕ ਸਾਲ ਦਾ ਕਰਦੇ ਹਨ ਅਤੇ ਕੁਝ ਰਕਮ ਬਿਆਨੇ ਦੇ ਤੌਰ 'ਤੇ ਦੇ ਕੇ ਜੁਬਾਨੀ ਕਹਿ ਦਿੰਦੇ ਹਨ ਕਿ ਉਨ੍ਹਾਂ ਨੂੰ ਜੇਕਰ ਭਲਕੇ ਗਾਹਕ ਮਿਲ ਗਿਆ ਤਾਂ ਉਹ ਉਨ੍ਹਾਂ ਤੋਂ ਉਸੇ ਸਮੇਂ ਰਜਿਸ਼ਟਰੀ ਕਰਵਾ ਲੈਣਗੇ, ਪਰ ਕੀਤੇ ਇਕਰਾਰਨਾਮੇਂ ਦੇ ਆਖਰੀ ਮਹੀਨੇ ਅਚਾਨਕ ਰਜਿਸ਼ਟਰੀ ਕਰਵਾਉਣ ਲਈ ਤਹਿਸੀਦਾਰ ਦੇ ਦਫ਼ਤਰ ਪੁੱਜਦੇ ਹਨ | ਇੱਥੇ ਵੀ ਇਨ੍ਹਾਂ ਵਲੋਂ ਵੇਚਣ ਵਾਲੇ ਕਿਸਾਨ ਨੂੰ ਭੱਬਲਭੂਸੇ 'ਚ ਪਾ ਲਿਆ ਜਾਂਦਾ ਹੈ ਅਤੇ ਤਹਿਸੀਲਦਾਰ ਦੇ ਉੱਠ ਜਾਣ ਦਾ ਡਰ ਦੇ ਕੇ ਪਹਿਲਾਂ ਰਜਿਸ਼ਟਰੀ ਕਰਵਾ ਲੈਂਦੇ ਹਨ ਅਤੇ ਬਾਅਦ 'ਚ ਕਈ ਬਹਾਨੇ ਬਣਾ ਕੇ ਪੂਰੀ ਰਕਮ ਦੇਣ ਬਾਅਦ ਬਿਜਾਇ ਕੁਝ ਪੈਸੇ ਇਹ ਕਹਿ ਕੇ ਰੱਖ ਲੈਂਦੇ ਹਨ ਕਿ ਉਹ ਜਲਦੀ-ਜਲਦੀ 'ਚ ਘਰੋਂ ਪੈਸੇ ਚੁੱਕਣੇ ਭੁੱਲ ਗਏ, ਸ਼ਾਮ ਤੱਕ ਦੇ ਦੇਣਗੇ ਅਤੇ ਫਿਰ ਖੱਜ਼ਲ-ਖੁਆਰੀ ਸ਼ੁਰੂ ਹੋ ਜਾਂਦੀ ਹੈ | ਇਨ੍ਹਾਂ ਲੋਕਾਂ ਦੀ ਅੱਜ-ਕਲ੍ਹ ਇਲਾਕੇ 'ਚ ਪੁਰੀ ਦਹਿਸ਼ਤ ਮਚਾਈ ਹੋਈ ਹੈ ਅਤੇ ਲੋੜਵੰਦ ਲੋਕ ਆਪਣੀਆਂ ਜ਼ਮੀਨਾਂ ਵੇਚਣ ਲਈ ਵੀ ਅਜਿਹੇ ਧੋਖਾਧੜੀ ਕਰਨ ਵਾਲੇ ਅਨਸਰਾਂ ਦੇ ਡਰ ਵਾਲੇ ਮਾਹੌਲ 'ਚ ਫੂਕ-ਫੂਕ ਕੇ ਕਦਮ ਚੁੱਕ ਰਹੇ ਹਨ | ਪੰਜਾਬ ਸਰਕਾਰ ਅਜਿਹੇ ਗਲਤ ਅਨਸਰਾਂ ਨੂੰ ਨੱਥ ਪਾਵੇ |