ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਸਕੂਲ 'ਚ ਖ਼ਤਰਨਾਕ ਦਰੱਖ਼ਤਾਂ ਕਾਰਨ ਵੱਡੇ ਹਾਦਸੇ ਦਾ ਖ਼ਤਰਾ
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਵੱਦੀ ਕਲਾਂ ਦੀ ਇਮਾਰਤ 'ਤੇ ਡਿੱਗ ਰਹੇ ਸਫੈਦਿਆਂ ਦਾ ਦਿ੍ਸ਼ | ਤਸਵੀਰ: ਤੇਜਿੰਦਰ ਸਿੰਘ ਚੱਢਾ
<br/>
30-05-2026
ਚੌਂਕੀਮਾਨ, 29 ਮਈ (ਤੇਜਿੰਦਰ ਸਿੰਘ ਚੱਢਾ)-ਪਿੰਡ ਸਵੱਦੀ ਕਲਾਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਖੜ੍ਹੇ ਕਰੀਬ 96 ਸਫੈਦੇ ਦੇ ਦਰੱਖ਼ਤ ਵਿਦਿਆਰਥਣਾਂ, ਅਧਿਆਪਕਾਂ ਅਤੇ ਸਕੂਲ ਇਮਾਰਤ ਲਈ ਗੰਭੀਰ ਖ਼ਤਰਾ ਬਣੇ ਹੋਏ ਹਨ | ਕਈ ਦਰੱਖ਼ਤ ਇਸ ਸਮੇਂ ਸਕੂਲ ਦੀ ਇਮਾਰਤ ਉੱਪਰ ਡਿੱਗੇ ਹੋਏ ਹਨ, ਜੋ ਕਿ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਕਿਸੇ ਵੀ ਵੇਲੇ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ | ਪਿੰਡ ਪੰਚਾਇਤ ਵਲੋਂ ਐੱਸ.ਡੀ.ਐੱਮ. ਜਗਰਾਉਂ ਨੂੰ ਇਸ ਗੰਭੀਰ ਸਥਿਤੀ ਬਾਰੇ ਕਾਨੂੰਨੀ ਹਵਾਲਿਆਂ ਅਨੁਸਾਰ ਜਾਣਕਾਰੀ ਦੇ ਕੇ ਤੁਰੰਤ ਕਾਰਵਾਈ ਕਰਨ ਲਈ ਬੇਨਤੀ ਕੀਤੀ ਜਾ ਰਹੀ ਹੈ | ਹਾਲਾਂਕਿ ਇਸ ਮਸਲੇ ਸਬੰਧੀ ਕਾਰਵਾਈ ਸਾਲ 2023 ਤੋਂ ਚੱਲ ਰਹੀ ਹੈ, ਪਰ ਅਜੇ ਤੱਕ ਕੋਈ ਢੁੱਕਵੀਂ ਕਾਰਵਾਈ ਨਹੀਂ ਹੋ ਸਕੀ | ਹੁਣ ਸਥਿਤੀ ਪਹਿਲਾਂ ਨਾਲੋਂ ਕਾਫ਼ੀ ਵੱਧ ਗੰਭੀਰ ਹੋ ਚੁੱਕੀ ਹੈ ਅਤੇ ਲੋਕਾਂ ਵਿਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ | ਇਸ ਤੋਂ ਇਲਾਵਾ ਇਹ ਖ਼ਤਰਨਾਕ ਦਰੱਖ਼ਤ ਪੰਜਾਬ ਸਰਕਾਰ ਦੁਆਰਾ ਪਾਸ ਕੀਤੇ ਗਏ ਸਕੂਲ ਗਰਾਊਾਡ ਦੇ ਨਿਰਮਾਣ ਕਾਰਜ ਵਿਚ ਵੀ ਵੱਡੀ ਰੁਕਾਵਟ ਪੈਦਾ ਕਰ ਰਹੇ ਹਨ, ਜਿਸ ਕਾਰਨ ਵਿਕਾਸ ਕਾਰਜ ਪ੍ਰਭਾਵਿਤ ਹੋ ਰਹੇ ਹਨ | ਪਿੰਡ ਵਾਸੀਆਂ ਅਤੇ ਮਾਪਿਆਂ ਵਿਚ ਇਸ ਗੱਲ ਨੂੰ ਲੈ ਕੇ ਭਾਰੀ ਚਿੰਤਾ ਪਾਈ ਜਾ ਰਹੀ ਹੈ ਕਿ ਜੇ ਕੱਲ੍ਹ ਨੂੰ ਕਿਸੇ ਬੱਚੇ ਜਾਂ ਸਟਾਫ਼ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਕੌਣ ਲਵੇਗਾ? ਲੋਕਾਂ ਦਾ ਕਹਿਣਾ ਹੈ ਕਿ ਜਦੋਂ ਪ੍ਰਸ਼ਾਸਨ ਨੂੰ ਪਹਿਲਾਂ ਹੀ ਲਿਖਤੀ ਰੂਪ ਵਿਚ ਇਸ ਖ਼ਤਰੇ ਬਾਰੇ ਜਾਣੂ ਕਰਵਾ ਦਿੱਤਾ ਗਿਆ ਹੈ ਤਾਂ ਹੁਣ ਤੁਰੰਤ ਕਾਰਵਾਈ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ | ਪੰਚਾਇਤ ਨੇ ਮੰਗ ਕੀਤੀ ਹੈ ਕਿ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਨ੍ਹਾਂ ਖ਼ਤਰਨਾਕ ਦਰੱਖ਼ਤਾਂ ਨੂੰ ਹਟਾਉਣ ਲਈ ਤੁਰੰਤ ਮਨਜ਼ੂਰੀ ਦਿੱਤੀ ਜਾਵੇ, ਤਾਂ ਜੋ ਸਕੂਲ ਵਿਚ ਪੜ੍ਹ ਰਹੀਆਂ ਵਿਦਿਆਰਥਣਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ |