ਚੌਂਕੀਮਾਨ, 12 ਜੂਨ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਦੇ ਜੰਮਪਲ ਉੱਘੇ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਦਾ ਵਿਸ਼ੇਸ਼ ਸਨਮਾਨ ਉਨ੍ਹਾਂ ਦੇ ਸਮੁੱਚੇ ਨਗਰ ਚੌਂਕੀਮਾਨ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ (ਪੱਤੀ ਮਾਨ) ਵਲੋਂ 15 ਜੂਨ, ਦਿਨ ਸੋਮਵਾਰ ਨੂੰ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਲਾਲੀ ਚੌਂਕੀਮਾਨ, ਸਾਬਕਾ ਕਬੱਡੀ ਚਰਨਜੀਤ ਸਿੰਘ ਚੰਨਾ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਮਾ: ਆਤਮਾ ਸਿੰਘ ਬੋਪਾਰਾਏ, ਦਵਿੰਦਰ ਸਿੰਘ ਮਾਨ, ਹਰਦੇਵ ਸਿੰਘ ਮਾਨ, ਹਰਵਿੰਦਰ ਸਿੰਘ ਬਿੱਟੂ ਮਾਨ, ਜਗਵਿੰਦਰ ਸਿੰਘ ਮਾਨ ਤੇ ਨੰਬਰਦਾਰ ਮਨਦੀਪ ਸਿੰਘ ਮਾਨ ਨੇ ਦੱਸਿਆ ਕਿ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ 12 ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਹਨ ਜੋ ਸਾਨੂੰ ਇਤਿਹਾਸ ਦੇ ਨਾਲ ਸਮਾਜਿਕ ਕੁਰੀਤੀਆਂ ਤੋਂ ਵੀ ਜਾਣੂੰ ਕਰਵਾਉਂਦੀਆਂ ਹਨ ਤੇ ਨੌਜਵਾਨ ਪੀੜ੍ਹੀ ਨੂੰ ਸੇਧ ਦਿੰਦੀਆਂ ਹਨ | ਉਨ੍ਹਾਂ ਕਿਹਾ ਕਿ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਨੇ ਆਪਣੀ ਕਲਮ ਰਾਹੀਂ ਪਿੰਡ ਚੌਂਕੀਮਾਨ (ਜਗਰਾਉਂ) ਜ਼ਿਲ੍ਹਾ ਲੁਧਿਆਣਾ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ ਹੈ ਜੋ ਕਿ ਮਾਣ ਵਾਲੀ ਗੱਲ ਹੈ, ਇਸ ਲਈ ਨਗਰ ਚੌਂਕੀਮਾਨ ਵਲੋਂ ਲੇਖਕ ਭੁਪਿੰਦਰ ਸਿੰਘ ਧਾਲੀਵਾਲ ਦਾ ਮਾਣ ਸਨਮਾਨ ਮਿਤੀ 15 ਜੂਨ ਨੂੰ ਕੀਤਾ ਜਾਵੇਗਾ |