ਰਾਏਕੋਟ, 18 ਜੂਨ (ਬਲਵਿੰਦਰ ਸਿੰਘ ਲਿੱਤਰ)-ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ-2027 ‘ਚ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਾਵਾ ਰਾਏਕੋਟ ਅਤੇ ਯੂਥ ਅਕਾਲੀ ਆਗੂ ਗੁਰਜੀਤ ਜੰਡ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਪਾਰਟੀ ਦੀ ਭਵਿੱਖੀ ਰਣਨੀਤੀ, ਯੂਥ ਵਿੰਗ ਨੂੰ ਸੰਗਠਿਤ ਕਰਨ ਅਤੇ ਜ਼ਮੀਨੀ ਪੱਧਰ ‘ਤੇ ਵਰਕਰਾਂ ਨੂੰ ਲਾਮਬੰਦ ਕਰਨ ਬਾਰੇ ਵਿਸਥਾਰਪੂਰਵਕ ਵਿਚਾਰ ਚਰਚਾ ਹੋਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਬਾਵਾ ਰਾਏਕੋਟ ਨੇ ਕਿਹਾ ਕਿ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਦੀ ਰੀੜ੍ਹ ਦੀ ਹੱਡੀ ਹੈ। ਪਾਰਟੀ ਦੀ ਤਾਕਤ ਹਮੇਸ਼ਾ ਨੌਜਵਾਨ ਵਰਕਰਾਂ ਦੇ ਜਜ਼ਬੇ ਅਤੇ ਸਮਰਪਣ ਨਾਲ ਵਧੀ ਹੈ।ਉਨ੍ਹਾਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਕਿ ਯੂਥ ਵਿੰਗ 2027 ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ‘ਚ ਪਾਰਟੀ ਦੀ ਜਿੱਤ ਲਈ ਅਣਥੱਕ ਮਿਹਨਤ ਕਰੇਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬ, ਪੰਜਾਬੀਅਤ ਅਤੇ ਕੌਮ ਦੇ ਹਿੱਤਾਂ ਦੀ ਰਾਖ਼ੀ ਕੀਤੀ ਹੈ ਅਤੇ ਯੂਥ ਵਿੰਗ ਇਸ ਵਿਰਾਸਤ ਨੂੰ ਅੱਗੇ ਲੈ ਜਾਣ ਲਈ ਪੂਰੀ ਤਨਦੇਹੀ ਨਾਲ ਕੰਮ ਕਰੇਗਾ। ਯੂਥ ਅਕਾਲੀ ਆਗੂ ਗੁਰਜੀਤ ਜੰਡ ਨੇ ਕਿਹਾ ਕਿ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਿੰਡ-ਪਿੰਡ ਅਤੇ ਬੂਥ ਪੱਧਰ ‘ਤੇ ਨੌਜਵਾਨਾਂ ਨੂੰ ਜੋੜ੍ਹਨ ਦੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਯੂਥ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਮੁਹਿੰਮ ਤੇਜ਼ ਕੀਤੀ ਜਾਵੇਗੀ ਤਾਂ ਜੋ ਵੱਧ ਤੋਂ ਵੱਧ ਨੌਜਵਾਨ ਪਾਰਟੀ ਨਾਲ ਜੁੜ੍ਹ ਸਕਣ। ਇਸ ਮੁਲਾਕਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂਆਂ ਦੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਹੀ ਪਾਰਟੀ ਦਾ ਭਵਿੱਖ ਹਨ ਅਤੇ ਪਾਰਟੀ ਨੌਜਵਾਨ ਲੀਡਰਸ਼ਿਪ ਨੂੰ ਮੋਹਰੀ ਭੂਮਿਕਾ ਦੇਣ ਲਈ ਵਚਨਬੱਧ ਹੈ। ਬਾਵਾ ਰਾਏਕੋਟ ਅਤੇ ਗੁਰਜੀਤ ਜੰਡ ਨੇ ਕਿਹਾ ਕਿ ਮੁਲਾਕਾਤ ਤੋਂ ਬਾਅਦ ਯੂਥ ਵਰਕਰਾਂ ‘ਚ ਨਵਾਂ ਉਤਸ਼ਾਹ ਪੈਦਾ ਹੋਇਆ ਹੈ। ਆਉਣ ਵਾਲੇ ਦਿਨਾਂ ‘ਚ ਹਲਕਾ ਰਾਏਕੋਟ ‘ਚ ਯੂਥ ਅਕਾਲੀ ਦਲ ਦੇ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ‘ਚ ਸ਼੍ਰੋਮਣੀ ਅਕਾਲੀ ਦਲ ਮੁੜ ਸੱਤ੍ਹਾਂ ‘ਚ ਆਵੇਗੀ ਅਤੇ ਪੰਜਾਬ ਨੂੰ ਖੁਸ਼ਹਾਲੀ ਦੇ ਰਾਹ ‘ਤੇ ਤੋਰੇਗੀ।
ਬਾਵਾ ਰਾਏਕੋਟ ਤੇ ਗੁਰਜੀਤ ਜੰਡ ਵਲੋਂ ਸੁਖਬੀਰ ਨਾਲ ਯੂਥ ਵਿੰਗ ਦੇ ਢਾਂਚੇ ਨੂੰ ਮਜ਼ਬੂਤ ਕਰਨ ਦੇ ਮਕਸਦ ਤਹਿਤ ਵਿਸ਼ੇਸ਼ ਮੁਲਾਕਾਤ
ਅਜੀਤ ਡੈਸਕ
19-06-2026