ਗੁਰਪ੍ਰੀਤ ਸਿੰਘ ਮਣਕੂ ਅਤੇ ਚਾਰ ਨਵੇਂ ਜੇਤੂ ਕੌਂਸਲਰਾਂ ਦਾ ਵਿਸ਼ੇਸ਼ ਸਨਮਾਨa
ਜਗਰਾਉਂ, 18 ਜੂਨ (ਹਰਵਿੰਦਰ ਸਿੰਘ ਖ਼ਾਲਸਾ)-ਗੁਰਦੁਆਰਾ ਮਾਤਾ ਸਾਹਿਬ ਕੌਰ ਹੀਰਾ ਬਾਗ ਜਗਰਾਉਂ ਵਿਖੇ ਸਨਮਾਨ ਸਮਾਗਮ ਕਰਵਾਇਆ। ਇਸ ਸਮਾਗਮ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਾਲ ਹੀ ਹੋਈਆਂ ਨਗਰ ਕੌਂਸਲ ਦੀਆਂ ਚੋਣਾਂ ‘ਚ ਜੇਤੂ ਚਾਰ ਕੌਂਸਲਰ ਅਤੇ ਮੋਰਾਕਾਸ਼ੀ ਕਲਾ ਦੇ ਨਿਪੁੰਨ ਸਿੱਖ ਆਰਟਿਸਟ ਜਿਨ੍ਹਾਂ ਨੂੰ ਬੀਤੇ ਦਿਨੀਂ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿਚ ਕੌਂਸਲਰ ਕਵਿਤਾ ਕੱਕੜ, ਅਜੀਤ ਸਿੰਘ ਠੁਕਰਾਲ, ਐਡਵੋਕੇਟ ਵਰਿੰਦਰ ਸਿੰਘ ਕਲੇਰ, ਜਗਜੀਤ ਸਿੰਘ ਜੱਗੀ ਅਤੇ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਗੁਰਪ੍ਰੀਤ ਸਿੰਘ ਮਾਣੂੰਕੇ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਬਕਾ ਕੌਂਸਲਰ ਅਪਾਰ ਸਿੰਘ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਮਣਕੂ ਨੇ ਆਪਣੀ ਵਿਲੱਖਣ ਮੋਰਾਕਾਸ਼ੀ ਕਲਾ ਦੇ ਜ਼ਰੀਏ ਨਾ ਸਿਰਫ਼ ਆਪਣਾ ਨਾਮ ਰੌਸ਼ਨ ਕੀਤਾ ਹੈ, ਸਗੋਂ ਜਗਰਾਉਂ ਸ਼ਹਿਰ ਦਾ ਮਾਣ ਵੀ ਦੇਸ਼ ਪੱਧਰ ‘ਤੇ ਵਧਾਇਆ ਹੈ। ਸਨਮਾਨ ਸਮਾਗਮ ਦੌਰਾਨ ਗੁਰਪ੍ਰੀਤ ਸਿੰਘ ਮਣਕੂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਲਈ ਹੋਰ ਵੀ ਵੱਡੀ ਪ੍ਰੇਰਣਾ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗੁਰਪ੍ਰੀਤ ਸਿੰਘ ਮਣਕੂ ਨੇ ਮੋਰਾਕਾਸ਼ੀ ਸੂਖਮ ਕਲਾ ਰਾਹੀਂ ਸਿੱਖ ਮਿਨੀਏਚਰ ਲਘੂ ਚਿੱਤਰਾਂ ਦੀ ਸਿਰਜਣਾ ਕਰਕੇ ਭਾਰਤ ਭਰ ਵਿਚ ਆਪਣਾ ਵਿਲੱਖਣ ਸਥਾਨ ਬਣਾਇਆ ਹੈ। ਉਸ ਨੇ ਭਾਰਤ ਦੇ ਪ੍ਰਸਿੱਧ ਮੰਦਰਾਂ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਮੀਨਾਕਾਰੀ ਦੀ ਰਿਪੇਅਰ ਕਰਨ ਦੇ ਨਾਲ-ਨਾਲ ਨਵੀਂਆਂ ਕਲਾ ਕਿਰਤਾਂ ਵੀ ਚਿਤਰੀਆਂ ਹਨ। ਇਸ ਮੌਕੇ ਮਾਤਾ ਹਰਜੀਤ ਕੌਰ, ਅਪਾਰ ਸਿੰਘ, ਗੁਰਮੀਤ ਸਿੰਘ, ਪ੍ਰਮਵੀਰ ਸਿੰਘ ਗਿੱਲ ਆਦਿ ਹਾਜ਼ਰ ਸਨ।