ਰਾਏਕੋਟ, 20 ਜੂਨ (ਸੁਸ਼ੀਲ, ਬਲਵਿੰਦਰ ਸਿੰਘ ਲਿੱਤਰ) ਬੀਤੀ ਦੇਰ ਰਾਤ ਰਾਏਕੋਟ-ਮਲੇਰਕੋਟਲਾ ਰੋਡ ‘ਤੇ ਸਥਿਤ ਤਾਜਪੁਰ ਚੌਂਕ ‘ਚ ਹੋਏ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਕਾਰਾਂ ਅਤੇ ਇਕ ਟਰੱਕ ਦੀ ਜਬਰਦਸਤ ਟੱਕਰ ਹੋ ਗਈ | ਇਸ ਹਾਦਸੇ ਵਿਚ ਇਕ ਵਿਅਕਤੀ ਦੇ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਦੀ ਖ਼ਬਰ ਹੈ । ਮੌਕੇ ‘ਤੇ ਮੌਜੂਦ ਟਰੱਕ ਚਾਲਕ ਇਮਰਾਨ ਨੇ ਦੱਸਿਆ ਕਿ ਉਹ ਆਪਣੇ ਟਰੱਕ ਵਿਚ ਨਜ਼ਦੀਕੀ ਪਿੰਡ ਰਾਜੋਆਣਾ ਦੇ ਇਕ ਭੱਠੇ ਤੋਂ ਲੇਬਰ ਨੂੰ ਲੈ ਕੇ ਯੂ.ਪੀ. ਦੇ ਸ਼ਾਮਲੀ ਸ਼ਹਿਰ ਲਈ ਰਵਾਨਾ ਹੋਇਆ ਸੀ, ਜਿਸ ਵਿਚ 12-13 ਪ੍ਰਵਾਸੀ ਮਜ਼ਦੂਰ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਸਵਾਰ ਸਨ, ਜਦ ਉਸਦਾ ਟਰੱਕ ਰਾਏਕੋਟ ਦੇ ਤਾਜਪੁਰ ਚੌਂਕ ਵਿਚ ਪੁੱਜਾ ਤਾਂ ਤਾਜਪੁਰ ਵਾਲੇ ਪਾਸੇ ਤੋਂ ਆ ਰਹੀ ਇਕ ਸਵਿੱਫਟ ਡਿਜ਼ਾਇਰ ਕਾਰ ਨੇ ਕਥਿਤ ਤੌਰ ‘ਤੇ ਗਲਤ ਤਰੀਕੇ ਨਾਲ ਮੋੜ ਕੱਟ ਲਿਆ ਅਤੇ ਟਰੱਕ ਵਿਚ ਟੱਕਰ ਮਾਰ ਦਿੱਤੀ, ਕਾਰ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਟਰੱਕ ਬੇਕਾਬੂ ਹੋ ਕੇ ਚੌਂਕ ਵਿੱਚ ਸਥਿਤ ਦੁਕਾਨਾਂ ਨਾਲ ਜਾ ਟਕਰਾਇਆ | ਇਸ ਦੌਰਾਨ ਇੱਕ ਹੋਰ ਕਾਰ (ਮਹਿੰਦਰਾ ਐਕਯੂਵੀ 700) ਵੀ ਹਾਦਸੇ ਦੀ ਲਪੇਟ ਵਿੱਚ ਆ ਗਈ | ਟੱਕਰ ਇੰਨੀ ਜ਼ਬਰਦਸਤ ਸੀ ਕਿ ਵਾਹਨਾਂ ਦੇ ਨਾਲ-ਨਾਲ ਦੁਕਾਨਾਂ ਨੂੰ ਵੀ ਕਾਫ਼ ਨੁਕਸਾਨ ਪੁੱਜਾ | ਇਕ ਮੋਟਰਸਾਈਕਲ ਵੀ ਹਾਦਸੇ ਵਿਚ ਬੁਰੀ ਤਰ੍ਹਾਂ ਨੁਕਸਾਨਿਆ ਗਿਆ | ਹਾਦਸੇ ਦੌਰਾਨ ਟਰੱਕ ਵਿੱਚ ਡਰਾਈਵਰ ਦੇ ਨਾਲ ਬੈਠਾ ਇੱਕ ਰਵੀ ਨਾਮਕ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਜਾਣਕਾਰੀ ਮੁਤਾਬਕ ਉਸ ਦੀ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗੀ ਹੈ | ਪਹਿਲਾਂ ਉਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਦੇ ਪੀ.ਜੀ.ਆਈ ਹਸਪਤਾਲ ਰੈਫਰ ਕਰ ਦਿੱਤਾ ਗਿਆ | ਹਾਦਸੇ ਵਿਚ ਤਿੰਨੇ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ ਇਲਾਕੇ ਵਿਚ ਹੜਕੰਪ ਮਚ ਗਿਆ | ਹਾਦਸੇ ਦੀ ਸੂਚਨਾਂ ਮਿਲਦੇ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ । ਪੀੜਤ ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਅੱਧੀ ਰਾਤ ਦੇ ਕਰੀਬ ਹੋਏ ਇਸ ਹਾਦਸੇ ਤੋਂ ਬਾਅਦ ਕੋਈ ਵੀ ਪੁਲਿਸ ਮੁਲਾਜ਼ਮ ਮੌਕੇ ‘ਤੇ ਨਹੀਂ ਪੁੱਜਾ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਚੌਂਕ ਵਿਚ ਪਹਿਲਾਂ ਵੀ ਕਈ ਹਾਦਸੇ ਵਾਪਰ ਚੁੱਕੇ ਹਨ ਅਤੇ ਕਈ ਵਿਅਕਤੀ ਮਾਰੇ ਜਾ ਚੁੱਕੇ ਹਨ, ਪ੍ਰੰਤੂ ਹੁਣ ਤੱਕ ਪ੍ਰਸ਼ਾਸਨ ਨੇ ਇਨ੍ਹਾਂ ਹਾਦਸਿਆਂ ਤੋਂ ਕੋਈ ਸਬਕ ਨਹੀਂ ਲਿਆ ਅਤੇ ਨਾ ਹੀ ਚੌਂਕ ਵਿਚ ਹਾਦਸੇ ਰੋਕਣ ਲਈ ਕੋਈ ਠੋਸ ਯਤਨ ਹੀ ਕੀਤੇ ਹਨ | ਲੋਕਾਂ ਨੇ ਹਾਦਸਿਆਂ ‘ਤੇ ਕਾਬੂ ਪਾਉਣ ਲਈ ਰਾਏਕੋਟ ਦੇ ਚੌਂਕਾਂ ਵਿਚ ਟ੍ਰੈਫ਼ਕ ਲਾਈਟਾਂ ਲਗਵਾਉਣ ਦੀ ਮੰਗ ਕੀਤੀ ਹੈ ।