ਗੁਰੂਸਰ ਸੁਧਾਰ, 20 ਜੂਨ (ਬਲਵਿੰਦਰ ਸਿੰਘ ਧਾਲੀਵਾਲ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਪਿੰਡ ਅਕਾਲਗੜ੍ਹ ਵਿਖੇ ਕਰਵਾਏ ਗਏ ਇਕ ਸਮਾਗਮ ਦੌਰਾਨ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਰਾਸ਼ਨ ਦੀਆਂ ਸਮਾਰਟ ਕਿੱਟਾਂ ਭੇਟ ਕੀਤੀਆਂ ਗਈਆਂ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਸਰਕਾਰ ਵਲੋਂ ਆਪਣੇ ਇਤਿਹਾਸਕ ਕਾਰਜਕਾਲ ਦੌਰਾਨ ਤਕਰੀਬਨ ਸਾਰੇ ਵਾਅਦੇ ਪੂਰੇ ਕੀਤੇ ਗਏ ਹਨ ਤੇ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਵਿਚੋਂ ਸਮਾਰਟ ਰਾਸ਼ਨ ਕਾਰਡ ਧਾਰਕਾਂ ਨੂੰ ਪੰਜਾਬ ਭਰ ਵਿਚ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਕਿੱਟ ਵਿਚ ਦੋ ਕਿੱਲੋ ਖੰਡ, ਦੋ ਕਿੱਲੋ ਦਾਲ, ਇਕ ਸਰ੍ਹੋਂ ਤੇਲ ਦੀ ਬੋਤਲ, ਨਮਕ ਅਤੇ ਹਲਦੀ ਦਾ ਪੈਕਟ ਮੁਹੱਈਆ ਕਰਵਾਇਆ ਜਾ ਰਿਹਾ ਹੈ ਤੇ ਇਸ ਤੋਂ ਬਿਨਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਾਡੀ ਸਰਕਾਰ ਜਲਦੀ ਹੀ ਮਹਿਲਾਵਾਂ ਦੇ ਖਾਤਿਆਂ ਵਿਚ ਇਕ ਹਜ਼ਾਰ ਤੇ ਪੰਦਰਾਂ ਸੌ ਰੁਪਏ ਪ੍ਰਤੀ ਮਹੀਨਾ ਦੇਣ ਜਾ ਰਹੀ ਹੈ। ‘ਆਪ’ ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਅਕਾਲਗੜ੍ਹ, ਪੰਚ ਹਰਜੀਤ ਸਿੰਘ ਨੇ ਭਗਵੰਤ ਮਾਨ ਸਰਕਾਰ ਨੂੰ ਗ਼ਰੀਬਾਂ ਦੀ ਮਸੀਹਾ ਕਰਾਰ ਦਿੰਦਿਆਂ ਕਿਹਾ ਕਿ ਜਿੰਨ੍ਹੀਆਂ ਸਹੂਲਤਾਂ ਤੇ ਲਾਭ ਇਸ ਸਰਕਾਰ ਨੇ ਹਰ ਵਰਗ ਨੂੰ ਦਿੱਤੇ ਹਨ ਉਹ ਪਿਛਲੀਆਂ ਕੋਈ ਵੀ ਸਰਕਾਰਾਂ ਨਹੀਂ ਦੇ ਸਕੀਆਂ। ਇਸ ਮੌਕੇ ਬਲਾਕ ਪ੍ਰਧਾਨ ਰਮੇਸ਼ ਜੈਨ, ਟਰੇਡ ਵਿੰਗ ਹਲਕਾ ਰਾਏਕੋਟ ਚੇਅਰਮੈਨ ਹਰਸ਼ ਜੈਨ, ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ, ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ, ਹਰਦੀਪ ਸਿੰਘ ਦੀਪ ਸਟੂਡੀ�, ਸੂਬੇਦਾਰ ਨਿਰਮਲ ਸਿੰਘ, ਪੰਚ ਜਥੇਦਾਰ ਅਵਤਾਰ ਸਿੰਘ, ਮਹਿੰਦਰ ਸਿੰਘ, ਛਿੰਦਾ ਅਨੰਦ ਟਰੇਡਰਜ਼, ਸਤਪਾਲ ਸਿੰਘ ਆਦਿ ਤੋਂ ਬਿਨਾਂ ਪਾਰਟੀ ਦੀ 31 ਮੈਂਬਰੀ ਕਮੇਟੀ ਅਤੇ ਪਿੰਡ ਵਾਸੀ ਪਤਵੰਤੇ, ਮਹਿਲਾਵਾਂ ਹਾਜ਼ਰ ਸਨ।