ਭੂੰਦੜੀ, 24 ਜੂਨ (ਕੁਲਦੀਪ ਸਿੰਘ ਮਾਨ)–ਪਿੰਡ ਗੋਰਸੀਆਂ ਕਾਦਰਬਖ਼ਸ਼ ਵਿਖੇ ਪੀਰ ਬਾਬਾ ਸ਼ਾਹ ਕਤਾਲ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ ਅਤੇ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਇਲਾਕੇ ਭਰ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ। ਮੇਲੇ ਦੌਰਾਨ ਵਿਸ਼ੇਸ਼ ਤੌਰ ’ਤੇ ਗੁਰਸੇਵਕ ਸਿੰਘ ਮੱਲ੍ਹਾ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਲੋਕ ਤੰਤਰ ਮੋਰਚਾ ਆਪਣੇ ਸਾਥੀਆਂ ਜਸਵੀਰ ਸਿੰਘ ਮੱਲ੍ਹਾ ਅਤੇ ਡਾ. ਨਿਰਭੈ ਸਿੰਘ ਕਾਉਂਕੇ ਸਮੇਤ ਸ਼ਾਮਿਲ ਹੋਏ। ਉਨ੍ਹਾਂ ਮੇਲੇ ਦੇ ਪ੍ਰਬੰਧਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸੱਭਿਆਚਾਰਕ ਮੇਲੇ ਸਾਡੀ ਸਾਂਝੀ ਵਿਰਾਸਤ ਨੂੰ ਸੰਭਾਲਣ ਅਤੇ ਆਪਸੀ ਭਾਈਚਾਰੇ ਨੂੰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਅਵਤਾਰ ਸਿੰਘ ਟੂਰੇ, ਹਰਵਿੰਦਰ ਸਿੰਘ ਸੋਢੀ, ਸੁਰਿੰਦਰਪਾਲ ਸਿੰਘ, ਲਾਡੀ ਬਾਦਲ, ਪ੍ਰਧਾਨ ਬਲਦੇਵ ਸਿੰਘ ਬੱਗਾ, ਪਰਮਿੰਦਰ ਸਿੰਘ ਪਾਲਾ, ਕਰਨੈਲ ਸਿੰਘ ਘਾਰੂ, ਪ੍ਰਭਜੋਤ ਸਿੰਘ, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਮਨਦੀਪ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ, ਸੁੰਦਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਗਿਆਨ ਸਿੰਘ ਟੂਰੇ, ਹਰਪ੍ਰੀਤ ਸਿੰਘ, ਇਕਬਾਲ ਸਿੰਘ ਆਦਿ ਵਲੋਂ ਅਦਾ ਕੀਤੀ ਗਈ। ਸਮਾਗਮ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਵੀ ਨਿਭਾਈ ਗਈ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪ੍ਰਸਿੱਧ ਗਾਇਕ ਜੋੜੀ ਬਾਜ ਸਿੰਘ ਬਾਜ ਅਤੇ ਸੁਖਵਿੰਦਰ ਸੁੱਖੀ ਨੇ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ। ਇਸ ਤੋਂ ਬਾਅਦ ਕਾਮੇਡੀ ਕਿੰਗ ਤਾਰਾ ਗੱਪੀ ਅਤੇ ਬੀਬਾ ਧੰਨੋ ਨੇ ਸਿਆਸੀ ਅਤੇ ਸਮਾਜਿਕ ਵਿਅੰਗਾਂ ਰਾਹੀਂ ਦਰਸ਼ਕਾਂ ਨੂੰ ਹਾਸੇ ਨਾਲ ਲੋਟਪੋਟ ਕਰ ਦਿੱਤਾ। ਕਾਦਰ ਸਿਸਟਰਜ਼ ਨੇ ਕਵਾਲੀਆਂ ਪੇਸ਼ ਕਰਕੇ ਖੂਬ ਰੰਗ ਬੰਨਿ੍ਹਆ, ਜਦਕਿ ਗਾਇਕ ਕਸ਼ਮੀਰਾ ਬਾਦਲ ਅਤੇ ਹੋਰ ਕਲਾਕਾਰਾਂ ਨੇ ਵੀ ਆਪਣੇ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਿਆ। ਇਸ ਮੌਕੇ ਸਰਪੰਚ ਅਤੇ ਸਰਕਲ ਪ੍ਰਧਾਨ ਜਸਵਿੰਦਰ ਸਿੰਘ ਛੀਨਾ, ਸ਼ਿੰਦਾ ਬਾਦਲ, ਸਾਬਕਾ ਸਰਪੰਚ ਜਗਦੇਵ ਸਿੰਘ ਦਿਉਲ, ਵਾਰਿਸ ਸਿੰਘ, ਇੰਦਰਪਾਲ ਸਿੰਘ ਛੀਨਾ ਸਮੇਤ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਮੇਲੇ ਨੂੰ ਸਫ਼ਲ ਬਣਾਉਣ ਲਈ ਪ੍ਰਵਾਸੀ ਭਾਰਤੀ ਸਮਾਜ ਸੇਵੀ ਜਗਰੂਪ ਸਿੰਘ ਦਿਉਲ ਅਤੇ ਇੰਦਰਜੀਤ ਸਿੰਘ ਦਿਉਲ ਵਲੋਂ ਵਿਸ਼ੇਸ਼ ਆਰਥਿਕ ਸਹਿਯੋਗ ਦਿੱਤਾ ਗਿਆ। ਅੰਤ ਵਿੱਚ ਮੇਲਾ ਕਮੇਟੀ ਵਲੋਂ ਦਾਨੀ ਸੱਜਣਾਂ, ਕਲਾਕਾਰਾਂ ਅਤੇ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਪੀਰ ਬਾਬਾ ਸ਼ਾਹ ਕਤਾਲ ਦੀ ਦਰਗਾਹ ’ਤੇ ਸਾਲਾਨਾ ਭੰਡਾਰਾ ਤੇ ਸੱਭਿਆਚਾਰਕ ਮੇਲਾ ਕਰਵਾਇਆ
ਅਜੀਤ ਡੈਸਕ
25-06-2026