ਜਗਰਾਉਂ, 9 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ, ਗੁਰਦੀਪ ਸਿੰਘ ਮਲਕ)-ਪਿੰਡਾਂ ਤੋਂ ਸਵਾਰੀਆਂ ਚੁੱਕਣ ਅਤੇ ਛੱਡਣ ਦੇ ਅਧਿਕਾਰ ਨੂੰ ਲੈ ਕੇ ਮਿੰਨੀ ਬੱਸ ਚਾਲਕਾਂ ਅਤੇ ਆਟੋ ਤੇ ਈ ਰਿਕਸ਼ਾ ਚਾਲਕਾਂ ਵਿਚਕਾਰ ਚੱਲ ਰਿਹਾ ਵਿਵਾਦ ਵੀਰਵਾਰ ਨੂੰ ਹੋਰ ਭੜਕ ਗਿਆ। ਗੁੱਸੇ ਵਿੱਚ ਆਏ ਮਿੰਨੀ ਬੱਸ ਚਾਲਕਾਂ ਨੇ ਲੁਧਿਆਣਾ-ਫਿਰੋਜ਼ਪੁਰ ਹਾਈਵੇ ‘ਤੇ ਬੱਸਾਂ ਖੜ੍ਹੀਆਂ ਕਰਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਪ੍ਰਸ਼ਾਸਨ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਮਿੰਨੀ ਬੱਸ ਚਾਲਕਾਂ ਨੇ ਤਹਿਸੀਲ ਪੁਲ ਹੇਠਾਂ ਧਰਨਾ ਦਿੱਤਾ ਤੇ ਐੱਸ.ਐੱਸ.ਪੀ. ਦਫ਼ਤਰ ਤੱਕ ਰੋਸ ਮਾਰਚ ਵੀ ਕੱਢਿਆ। ਬਾਅਦ ਵਿੱਚ ਵਧੀਕ ਡਿਪਟੀ ਕਮਿਸ਼ਨਰ (ਏ.ਡੀ.ਸੀ.) ਮਨਜੀਤ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਪ੍ਰਸ਼ਾਸਨ ਵੱਲੋਂ ਯੋਗ ਕਾਰਵਾਈ ਦਾ ਭਰੋਸਾ ਦਿੱਤਾ ਗਿਆ, ਜਿਸ ਤੋਂ ਬਾਅਦ ਬੱਸ ਚਾਲਕਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਹਾਈਵੇ ‘ਤੇ ਆਵਾਜਾਈ ਮੁੜ ਸੁਚਾਰੂ ਹੋ ਗਈ। ਮਿੰਨੀ ਬੱਸ ਚਾਲਕਾਂ ਨੇ ਦੋਸ਼ ਲਗਾਇਆ ਕਿ ਉਹ ਸਰਕਾਰ ਤੋਂ ਕਾਨੂੰਨੀ ਪਰਮਿਟ ਲੈ ਕੇ ਅਤੇ ਰੋਡ ਟੈਕਸ ਅਦਾ ਕਰਕੇ ਪਿੰਡਾਂ ਵਿੱਚ ਬੱਸ ਸੇਵਾ ਚਲਾ ਰਹੇ ਹਨ, ਜਦਕਿ ਕਈ ਆਟੋ ਚਾਲਕ ਬਿਨਾਂ ਪਰਮਿਟ ਅਤੇ ਨਿਯਮਾਂ ਦੀ ਪਾਲਣਾ ਕੀਤੇ ਪਿੰਡਾਂ ਤੋਂ ਸਵਾਰੀਆਂ ਚੁੱਕ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਹਰ ਰੋਜ਼ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਕਈ ਵਾਰ ਸ਼ਿਕਾਇਤਾਂ ਦੇਣ ਦੇ ਬਾਵਜੂਦ ਪ੍ਰਸ਼ਾਸਨ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਨਹੀਂ ਕਰ ਸਕਿਆ। ਮਿੰਨੀ ਬੱਸ ਚਾਲਕਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਿੰਡਾਂ ਵਿੱਚ ਕਥਿਤ ਗੈਰ-ਕਾਨੂੰਨੀ ਆਟੋ ਸੰਚਾਲਨ ’ਤੇ ਰੋਕ ਨਾ ਲਗਾਈ ਗਈ ਤਾਂ ਉਹ ਪਿੰਡਾਂ ਲਈ ਆਪਣੀ ਬੱਸ ਸੇਵਾ ਵੀ ਬੰਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਯਾਤਰੀਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਹਾਈਵੇ ਜਾਮ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਰਸਤਾ ਖੁਲਵਾਉਣ ਦੀ ਕੋਸ਼ਿਸ਼ ਕੀਤੀ, ਪਰ ਬੱਸ ਚਾਲਕ ਆਪਣੀਆਂ ਮੰਗਾਂ ‘ਤੇ ਡਟੇ ਰਹੇ। ਬਾਅਦ ਵਿੱਚ ਪ੍ਰਸ਼ਾਸਨ ਨੇ ਬੱਸ ਚਾਲਕਾਂ ਦੇ ਨੁਮਾਇੰਦਿਆਂ ਦੀ ਏਡੀਸੀ ਮਨਜੀਤ ਸਿੰਘ ਨਾਲ ਮੀਟਿੰਗ ਕਰਵਾਈ। ਮੀਟਿੰਗ ਦੌਰਾਨ ਬੱਸ ਚਾਲਕਾਂ ਨੇ ਕਿਹਾ ਕਿ ਸਰਕਾਰ ਨੇ ਉਨ੍ਹਾਂ ਨੂੰ ਪਿੰਡਾਂ ਵਿੱਚੋਂ ਸਵਾਰੀਆਂ ਚੁੱਕਣ ਅਤੇ ਛੱਡਣ ਲਈ ਕਾਨੂੰਨੀ ਪਰਮਿਟ ਜਾਰੀ ਕੀਤੇ ਹੋਏ ਹਨ, ਜਦਕਿ ਕਈ ਆਟੋ ਚਾਲਕ ਬਿਨਾਂ ਇਜਾਜ਼ਤ ਇਹ ਕੰਮ ਕਰ ਰਹੇ ਹਨ। ਉਨ੍ਹਾਂ ਅਜਿਹੇ ਆਟੋ ਚਾਲਕਾਂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ। ਏ.ਡੀ.ਸੀ. ਮਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਸ਼ਿਕਾਇਤਾਂ ’ਤੇ ਜਲਦ ਨਿਯਮਾਂ ਅਨੁਸਾਰ ਕਾਰਵਾਈ ਕਰਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਭਰੋਸੇ ਤੋਂ ਬਾਅਦ ਮਿੰਨੀ ਬੱਸ ਚਾਲਕਾਂ ਨੇ ਧਰਨਾ ਸਮਾਪਤ ਕਰ ਦਿੱਤਾ ਅਤੇ ਹਾਈਵੇ ‘ਤੇ ਆਵਾਜਾਈ ਮੁੜ ਬਹਾਲ ਹੋ ਗਈ।