ਹੁਸ਼ਿਆਰਪੁਰ, 31 ਦਸੰਬਰ (ਬਲਜਿੰਦਰਪਾਲ ਸਿੰਘ)-ਚੌਕਸੀ ਵਿਭਾਗ ਵਲੋਂ ਵਾਇਲਡ ਲਾਇਫ ਡਿਵੀਜਨ ਗੜ੍ਹਸ਼ੰਕਰ 'ਚ ਤੈਨਾਤ ਬਲਾਕ ਅਧਿਕਾਰੀ ਰਾਜਪਾਲ ਸਿੰਘ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਗਿ੍ਫਤਾਰ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਚੌਕਸੀ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਗਿ੍ਫਤਾਰੀ ਬਲਾਚੌਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਕ ਵਾਸੀ ਵਲੋਂ ਮੁੱਖ ਮੰਤਰੀ ਭਿ੍ਸ਼ਟਾਚਾਰ ਵਿਰੋਧੀ ਐਕਸ਼ਨ ਲਾਇਨ ਪੋਰਟਲ 'ਤੇ ਦਰਜ਼ ਕਰਵਾਈ ਗਈ ਸ਼ਿਕਾਇਤ ਦੇ ਬਾਅਦ ਕੀਤੀ ਗਈ ਹੈ | ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਨੇ ਸ਼ਿਕਾਰ ਦਾ ਪਰਮਿਟ ਜਾਰੀ ਕਰਨ ਲਈ ਕਥਿਤ ਦੋਸ਼ੀ ਰਾਜਪਾਲ ਸਿੰਘ ਨਾਲ ਸੰਪਰਕ ਕੀਤਾ ਸੀ ਪਰੰਤੂ ਉੱਕਤ ਅਧਿਕਾਰੀ ਨੇ ਪਰਮਿਟ ਜਾਰੀ ਕਰਨ ਦੇ ਬਦਲੇ ਕਥਿਤ ਤੌਰ 'ਤੇ ਉਸ ਤੋਂ 50,000 ਰੁਪਏ ਦੀ ਮੰਗ ਕੀਤੀ | ਸੌਦਾ 15,000 ਰੁਪਏ 'ਚ ਤੈਅ ਹੋ ਗਿਆ ਅਤੇ ਅਧਿਕਾਰੀ ਨੇ ਸ਼ਿਕਾਰ ਦਾ ਪਰਮਿਟ ਜਾਰੀ ਕਰਨ ਦਾ ਭਰੋਸਾ ਦੇ ਕੇ ਉਸ ਤੋਂ 10,000 ਰੁਪਏ ਮੌਕੇ 'ਤੇ ਹੀ ਲੈ ਲਏ | ਉਨ੍ਹਾਂ ਅੱਗੇ ਦੱਸਿਆ ਕਿ ਕਥਿਤ ਦੋਸ਼ੀ ਰਾਜਪਾਲ ਸਿੰਘ ਨੇ ਸ਼ਿਕਾਇਤਕਰਤਾ ਦੇ ਘਰ ਜਾ ਕੇ ਬਾਕੀ ਬਚੀ 5,000 ਰੁਪਏ ਦੀ ਰਿਸ਼ਵਤ ਵੀ ਲੈ ਲਈ | ਇਸਦੀ ਵੀਡਿਓ ਸ਼ਿਕਾਇਤਕਰਤਾ ਦੇ ਘਰ ਲੱਗੇ ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋ ਗਈ | ਜਾਂਚ ਦੌਰਾਨ ਉੱਕਤ ਦੋਸ਼ ਸਹੀ ਪਾਏ ਗਏ | ਇਸ ਸੰਬੰਧ 'ਚ ਕਥਿਤ ਦੋਸ਼ੀ ਦੇ ਖਿਲਾਫ ਚੌਕਸੀ ਵਿਭਾਗ ਥਾਣਾ ਜਲੰਧਰ ਰੇਂਜ 'ਚ ਭਿ੍ਸ਼ਟਾਚਾਰ ਵਿਰੋਧੀ ਕਾਨੂੰਨ ਦੇ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਇਸ ਸੰਬੰਧ 'ਚ ਅੱਗੇ ਦੀ ਜਾਂਚ ਜਾਰੀ ਹੈ |