ਨਵਾਂਸ਼ਹਿਰ, 28 ਜਨਵਰੀ (ਜਸਬੀਰ ਸਿੰਘ ਨੂਰਪੁਰ)-ਇੱਕ ਪਾਸੇ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਕਾਰਜਾਂ ਦੀ ਗੱਲ ਕਰ ਰਹੀ ਹੈ, ਜੋ ਸਿਰਫ਼ ਤੇ ਸਿਰਫ਼ ਕਾਗਜ਼ਾਂ 'ਚ ਹੀ ਵਿਕਾਸ ਹੋ ਰਿਹਾ ਹੈ | ਇਹ ਸ਼ਬਦ ਪਿੰਡ ਸਲੋਹ ਵਾਸੀਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਸਲੋਹ ਦੀ ਮੇਨ ਸੜਕ ਜਿੱਥੋਂ ਰੋਜ਼ਾਨਾ ਵੱਖ-ਵੱਖ ਪਿੰਡਾਂ ਦੇ ਲੋਕ ਤੇ ਸਕੂਲੀ ਵਿਦਿਆਰਥੀ ਲੰਘਕੇ ਪੜ੍ਹਨ ਜਾਂਦੇ ਹਨ, ਜਿੱਥੋਂ ਸੜਕ ਟੁੱਟੀ ਹੋਣ ਕਾਰਨ ਲੰਘਣਾ ਬਹੁਤ ਮੁਸ਼ਕਿਲ ਹੋਇਆ ਹੈ | ਇੱਥੋਂ ਬਾਰਿਸ਼ ਦੇ ਦਿਨਾਂ ਵਿੱਚ ਲੰਘਣਾ ਹੋਰ ਵੀ ਔਖਾ ਹੋ ਜਾਂਦਾ ਹੈ | ਲੋਕਾਂ ਨੇ ਦੱਸਿਆ ਕਿ ਕਈ ਵਾਰੀ ਤਾਂ ਇੱਥੇ ਡੂੰਘੇ ਟੋਇਆਂ ਕਾਰਨ ਬੱਚੇ-ਬੁੱਢੇ ਡਿੱਗੇ ਵੀ ਦੇਖੇ ਹਨ | ਇੱਥੋਂ ਦੇ ਦੁਕਾਨਦਾਰਾਂ ਨੇ ਦੱਸਿਆ ਕਿ ਇਸ ਟੁੱਟੀ ਸੜਕ ਕਾਰਨ ਸਾਡਾ ਕਈ ਵਾਰੀ ਨੁਕਸਾਨ ਵੀ ਹੋ ਚੁੱਕਿਆ ਹੈ, ਦੁਕਾਨਾਂ ਦੇ ਸ਼ੀਸ਼ੇ ਆਦਿ ਵੀ ਟੁੱਟ ਚੁੱਕੇ ਹਨ | ਦੱਸਣਯੋਗ ਹੈ ਕਿ ਗੰਦੇ ਪਾਣੀ ਦਾ ਕੋਈ ਨਿਕਾਸ ਨਹੀਂ ਹੋ ਰਿਹਾ, ਜਿਸ ਕਾਰਨ ਬਰਸਾਤੀ ਦਿਨਾਂ ਵਿੱਚ ਇਥੋਂ ਲੰਘਣਾ ਹੋਰ ਵੀ ਔਖਾ ਹੋ ਜਾਂਦਾ ਹੈ | ਰਾਹਗੀਰਾਂ ਤੇ ਪਿੰਡ ਵਾਸੀਆਂ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ 'ਤੇ ਬਣਾਇਆ ਜਾਵੇ ਤਾਂ ਜੋ ਇਸ ਸੜਕ ਤੋਂ ਲੰਘਣਾ ਸੌਖਾ ਹੋ ਜਾਵੇ |