ਟੱਪਰੀਆਂ ਖੁਰਦ, 28 ਜਨਵਰੀ (ਬਲਵਿੰਦਰ ਨਾਨੋਵਾਲੀਆ)-ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ-ਨਾਲ ਪੈਂਦੇ ਨੀਮ ਪਹਾੜੀ ਖੇਤਰ ਦੇ ਕਰੀਬ 5 ਦਰਜਨ ਤੋਂ ਵੱਧ ਪਿੰਡਾਂ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੇ ਕਰੀਬ ਦਸ ਦਰਜਨ ਤੋਂ ਵੱਧ ਪਿੰਡਾਂ ਦੇ ਆਮ ਲੋਕਾਂ ਲਈ ਸਸਤੀਆਂ ਅਤੇ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਚੱਲ ਰਿਹਾ ਸੰਤ ਬਾਬਾ ਢਾਂਗੂ ਵਾਲੇ ਚੈਰੀਟੇਬਲ ਹਸਪਤਾਲ ਜਖੇਵਾਲ ਵਰਦਾਨ ਸਾਬਤ ਹੋ ਰਿਹਾ ਹੈ | ਸੰਤ ਬਾਬਾ ਢਾਂਗੂ ਵਾਲੇ ਅਸਥਾਨ ਜਖੇਵਾਲ ਦੇ ਸੇਵਾਦਾਰ ਠੇਕੇਦਾਰ ਰੋਸ਼ਨ ਲਾਲ ਕਰੀਮਪੁਰ ਚਾਹਵਾਲ ਨੇ ਦੱਸਿਆ ਕਿ ਇਸ ਹਸਪਤਾਲ 'ਚ ਪ੍ਰਬੰਧਕ ਕਮੇਟੀ ਵਲੋਂ ਵੱਖ-ਵੱਖ ਬਿਮਾਰੀਆਂ ਨਾਲ ਸੰਬੰਧਤ ਮਾਹਰ ਡਾਕਟਰ ਹਰ ਸਮੇਂ ਆਮ ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰ ਰਹੇ ਹਨ | ਇਸ ਹਸਪਤਾਲ 'ਚ ਵੱਖ-ਵੱਖ ਕਿਸਮ ਦੇ ਆਪ੍ਰੇਸ਼ਨ ਅਤੇ ਐਮਰਜੈਂਸੀ ਸਿਹਤ ਸਹੂਲਤਾਂ 24 ਘੰਟੇ ਮਰੀਜ਼ਾਂ ਨੂੰ ਬਿਲਕੁਲ ਜਾਇਜ਼ ਰੇਟਾਂ ਦੇ ਦਿੱਤੀਆਂ ਜਾ ਰਹੀਆਂ ਹਨ | ਇਸ ਚੈਰੀਟੇਬਲ ਹਸਪਤਾਲ ਵਲੋਂ ਵੱਖ-ਵੱਖ ਪਿੰਡਾਂ ਅੰਦਰ ਆਮ ਲੋਕਾਂ ਨੂੰ ਰੋਗ ਰਹਿਤ ਰੱਖਣ ਲਈ ਜਾਗਰੂਕ ਕੈਂਪ ਵੀ ਲਗਾਏ ਜਾਂਦੇ ਹਨ | ਇਸ ਚੈਰੀਟੇਬਲ ਹਸਪਤਾਲ ਦੇ ਨਾਲ ਹੀ ਸਤਿਗੁਰੂ ਢਾਂਗੂ ਵਾਲਿਆਂ ਦਾ ਪਵਿੱਤਰ ਅਸਥਾਨ ਹੈ, ਜਿੱਥੇ ਦੇਸ਼-ਵਿਦੇਸ਼ ਤੋਂ ਸੰਗਤਾਂ ਰੋਜ਼ਾਨਾ ਨਤਮਸਤਕ ਹੋ ਕੇ ਜੀਵਨ ਸਫ਼ਲ ਕਰ ਰਹੀਆਂ ਹਨ | ਉਨ੍ਹਾਂ ਇਲਾਕੇ ਦੀਆਂ ਸੰਗਤਾਂ ਨੂੰ ਪਿੰਡ ਜਖੇਵਾਲ ਵਿਖੇ ਦਿੱਤੀਆਂ ਜਾਂ ਰਹੀਆਂ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਵੀ ਕੀਤੀ | ਇਸ ਮੌਕੇ ਚੈਰੀਟੇਬਲ ਹਸਪਤਾਲ ਦੇ ਹੋਰ ਪ੍ਰਬੰਧਕ ਵੀ ਹਾਜ਼ਰ ਸਨ |