ਰੱਤੇਵਾਲ, 23 ਫਰਵਰੀ (ਅਸ਼ੋਕ ਕੁਮਾਰ ਲੀਲ)-ਮੁਸੀਬਤਾਂ ਵਿਚ ਘਿਰੇ ਪੰਜਾਬ ਨੂੰ ਦੋ ਹੋਰ ਵੱਡੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਥੀ ਕਰਨ ਸਿੰਘ ਰਾਣਾ ਜਨਰਲ ਸਕੱਤਰ ਸਾਂਝਾ ਕਿਸਾਨ ਮਜ਼ਦੂਰ ਮੋਰਚਾ ਸੰਬੰਧਿਤ ਭਾਈ ਲਾਲੋ ਲੋਕ ਮੰਚ ਨੇ ਗੱਲਬਾਤ ਕਰਦੇ ਹੋਏ ਕੀਤਾ | ਉਹਨਾਂ ਕਿਹਾ ਕਿ ਦੇਸ਼ ਅਤੇ ਪੰਜਾਬ ਅੰਦਰ ਰਾਜਨੀਤਕ ਧਿਰਾਂ ਵਲੋਂ ਲੋਕ ਰਾਜ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ | ਜ਼ਿਆਦਾਤਰ ਪੰਜਾਬ ਅੰਦਰ ਰਾਜਨੀਤਕ ਧਿਰਾਂ ਡੇਰਾ ਸੰਚਾਲਕਾਂ ਨੂੰ ਵੋਟਾਂ ਲਈ ਪ੍ਰਯੋਗ ਕਰਨ ਦਾ ਸਿਲਸਿਲਾ ਸ਼ੁਰੂ ਕਰ ਚੁੱਕੀਆਂ ਹਨ | ਅਜਿਹਾ ਕਦਮ ਲੋਕ ਰਾਜ ਲਈ ਖ਼ਤਰੇ ਦੀ ਘੰਟੀ ਹੈ | ਜੇ ਹਕੂਮਤਾਂ ਦਾ ਗਠਨ ਇਸ ਤਰੀਕੇ ਨਾਲ ਹੋਵੇਗਾ ਤਾਂ ਲੋਕਾਂ ਦੀ ਪੁੱਗਤ ਖ਼ਤਮ ਹੋ ਜਾਵੇਗੀ | ਇਸੇ ਤਰ੍ਹਾਂ ਪੰਜਾਬ ਦੇ ਮਸਲੇ ਵੀ ਅੱਧ ਵਿਚਕਾਰ ਲਟਕ ਜਾਣਗੇ ਅਤੇ ਲੋਕਾਂ ਦੇ ਰੁਜ਼ਗਾਰ, ਅਮਨ ਕਾਨੂੰਨ, ਨਸ਼ਾ ਮੁਕਤੀ ਅਤੇ ਭਿ੍ਸ਼ਟਾਚਾਰ ਮੁਕਤ ਪ੍ਰਸ਼ਾਸਨ ਦੀਆਂ ਮੰਗਾਂ ਮਿੱਟੀ ਵਿੱਚ ਰੁਲ ਜਾਣਗੀਆਂ | ਉਹਨਾਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ, ਪ੍ਰੰਤੂ 18 ਫਰਵਰੀ ਨੂੰ ਬਠਿੰਡਾ ਜ਼ਿਲ੍ਹੇ ਦੇ ਵਿੱਚ ਪੁਲਿਸ ਵੱਲੋਂ ਪਿੰਡਾਂ ਅੰਦਰ ਦਾਖਲ ਹੋ ਕੇ ਅਮਨ ਪੂਰਵਕ ਇਕੱਠੇ ਹੋਏ ਕਿਸਾਨਾਂ, ਮਜ਼ਦੂਰਾਂ 'ਤੇ ਗੋਲੀ ਅਤੇ ਲਾਠੀ ਚਲਾਉਣ ਨਾਲ ਅਮਨ ਕਾਨੂੰਨ ਦੀ ਸਥਿਤੀ ਦੇ ਹੋਰ ਵਿਗੜਨ ਦਾ ਅੰਦੇਸ਼ਾ ਬਣ ਗਿਆ ਹੈ | ਹੰਝੂ ਗੈੱਸ ਦੇ ਗੋਲਿਆਂ ਨੇ ਅਤੇ ਬੇਤਹਾਸ਼ਾ ਲਾਠੀ ਚਾਰਜ ਨੇ ਅੰਗਰੇਜ਼ ਬਸਤੀਵਾਦ ਦਾ ਜ਼ਮਾਨਾ ਯਾਦ ਕਰਵਾ ਦਿੱਤਾ ਹੈ | ਉਹਨਾਂ ਮੰਗ ਕੀਤੀ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਖ਼ਾਕੀ ਗਿਰੋਹ ਵੱਲੋਂ ਜੋ ਕ੍ਰਾਈਮ ਕੀਤਾ ਗਿਆ ਹੈ, ਉਸ ਦੀ ਕਾਨੰੂਨ ਮੁਤਾਬਿਕ ਜਾਂਚ ਕਰਕੇ ਜ਼ੰੁਮੇਵਾਰ ਅਧਿਕਾਰੀਆਂ 'ਤੇ ਮੁਕੱਦਮਾ ਦਰਜ ਕਰਕੇ ਉਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਰਾਜ ਨੂੰ ਪੁਲਿਸ ਰਾਜ ਵਿਚ ਬਦਲਣ ਤੋਂ ਰੋਕਿਆ ਜਾਵੇ | ਇਸ ਮੌਕੇ ਸਤਪਾਲ ਸਿੰਘ ਸਾਰੋਂਵਾਲ, ਤਹਿਸੀਲ ਪ੍ਰਧਾਨ ਵਿਨੋਦ ਚੋਪੜਾ, ਵਿਪਨ ਕੁਮਾਰ ਅਤੇ ਪਲਵਿੰਦਰ ਬੈਂਸ ਵੀ ਮੌਕੇ 'ਤੇ ਹਾਜ਼ਰ ਰਹੇ |
ਡੇਰਾ ਸੰਚਾਲਕਾਂ ਨੂੰ ਵੋਟਾਂ ਲਈ ਵਰਤਣਾ ਅਤੇ ਖ਼ਾਕੀ ਗਰੋਹ ਵਲੋਂ ਪਿੰਡਾਂ 'ਤੇ ਹੋ ਰਹੇ ਹਮਲੇ ਚਿੰਤਾਜਨਕ -ਰਾਣਾ
ਅਜੀਤ ਡੈਸਕ
24-02-2026