ਨਵਾਂਸਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)-ਪਿੰਡ ਮਹਾਲੋਂ ਦੇ ਐੱਨ. ਆਰ. ਆਈ. ਵੀਰਾਂ ਅਤੇ ਸਮੂਹ ਪੰਚਾਇਤ ਮੈਂਬਰਾਂ ਦਾ ਸਕੂਲ ਨਿਰਮਾਣ ਕਾਰਜਾਂ 'ਚ ਦਿੱਤੇ ਸਹਿਯੋਗ ਲਈ ਸਰਕਾਰੀ ਹਾਈ ਸਕੂਲ ਮਹਾਲੋਂ ਦੇ ਸਮੂਹ ਸਟਾਫ਼ ਵਲੋਂ ਇਕ ਸਨਮਾਨ ਸਮਾਗਮ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਮੁੱਖ ਅਧਿਆਪਕਾ ਨੀਲਮ ਰਾਣੀ ਵਲੋਂ ਐੱਨ. ਆਰ. ਆਈ. ਵੀਰਾਂ ਅਤੇ ਪੰਚਾਇਤ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਗਿਆ | ਇਸ ਮੌਕੇ ਮੈਡਮ ਨੀਲਮ ਰਾਣੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡ ਦੀ ਪੰਚਾਇਤ, ਪ੍ਰਵਾਸੀ ਭਾਰਤੀਆਂ ਅਤੇ ਸਮੂਹ ਨਗਰ ਨਿਵਾਸੀਆਂ ਦਾ ਸਕੂਲ ਲਈ ਵਿਸ਼ੇਸ ਸਹਿਯੋਗ ਮਿਲਦਾ ਹੈ ਜਿਸ ਲਈ ਉਹ ਤੇ ਉਹਨਾਂ ਦਾ ਸਟਾਫ ਸਭ ਦਾ ਧੰਨਵਾਦੀ ਹੈ | ਉਨ੍ਹਾਂ ਕਿਹਾ ਅੱਜ ਉਹਨਾਂ ਦਾ ਸਕੂਲ ਜਿਲ੍ਹੇ ਦੇ ਮੋਹਰੀ ਸਕੂਲਾਂ ਵਿੱਚ ਇੱਕ ਹੈ ਤੇ ਸਕੂਲ ਦੀਆਂ ਪ੍ਰਾਪਤੀਆ ਬਾਰੇ ਦੱਸਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਕੂਲ ਅੱਜ ਹਰ ਖੇਤਰ ਵਿਚ ਵਧੀਆ ਮਾਡਲ ਸਕੂਲਾਂ ਦਾ ਮੁਕਾਬਲਾ ਕਰ ਰਿਹਾ ਹੈ | ਇਸ ਲਈ ਉਹਨਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦਾ ਵਧੀਆ ਭਵਿੱਖ ਬਣਾਉਣ | ਇਸ ਮੌਕੇ 'ਤੇ ਸਰਪੰਚ ਨਛੱਤਰ ਕੌਰ ਨੇ ਕਿਹਾ ਉਹਨਾਂ ਦਾ ਸਕੂਲ ਦਾ ਸਟਾਫ ਬਹੁਤ ਹੀ ਵਧੀਆ ਤੇ ਮਿਹਨਤੀ ਹੈ | ਇਸ ਮੌਕੇ ਪੰਚ ਸੁਰਜੀਤ ਰਾਮ, ਬਲਾਕ ਸੰਮਤੀ ਮੈਂਬਰ ਬਲਵਿੰਦਰ ਕੌਰ, ਬੰਦਨਾ, ਰਾਮ ਮੂਰਤੀ, ਲਕਸ਼ਮਣ ਰਾਮ ਮਾਖਾ, ਐਡਵੋਕੇਟ ਗਗਨਦੀਪ ਦੋਸਾਂਝ, ਸੱਤਪਾਲ, ਅਵਤਾਰ ਚੰਦ, ਬਲਵੀਰ ਸਿੰਘ ਸਾਬਕਾ ਪੰਚ ਆਦਿ ਹਾਜ਼ਰ ਸਨ |