ਨਵਾਂਸ਼ਹਿਰ, 9 ਮਾਰਚ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਹਲਕੇ ਦੇ ਵਿਧਾਇਕ ਡਾ. ਨਛੱਤਰ ਪਾਲ ਨੇ ਪੰਜਾਬ ਵਿਧਾਨ ਸਭਾ ਵਿਚ ਕਿਹਾ ਕਿ, ਡੇਲੀ ਵੇਜ, ਟੈਂਪਰੇਰੀ, ਵਰਕ ਚਾਰਜਡ ਅਤੇ ਆਉਟਸੋਰਸ ਭਰਤੀ ਵਿੱਚ ਅਨੁਸੂਚਿਤ ਜਾਤੀਆਂ, ਪਿਛੜੀਆਂ ਸ਼੍ਰੇਣੀਆਂ, ਦਿਵਿਆਂਗ, ਸਾਬਕਾ ਫੌਜੀਆਂ, ਖਿਡਾਰੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਵੀ ਯੋਗ ਨੁਮਾਇੰਦਗੀ ਮਿਲਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਹਨ | ਉਨ੍ਹਾਂ ਇਹ ਵੀ ਮੰਗ ਕੀਤੀ ਕਿ ਸਿੱਖਿਆ ਅਭਿਆਨ ਦੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ | ਇਸਦੇ ਨਾਲ ਹੀ ਮਿਡ-ਡੇ-ਮੀਲ ਵਰਕਰ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਹੈਲਪਰ, ਏ.ਐੱਮ ਜੀ.ਐੱਮ. ਫਾਰਮੈਸੀ, ਸਫਾਈ ਕਰਮਚਾਰੀ, ਡਰਾਇਵਰ, ਕੰਡਕਟਰ ਅਤੇ ਕੱਚੇ ਤੇ ਆਉਟਸੋਰਸ ਕਰਮਚਾਰੀਆਂ ਨੂੰ ਯੋਗਤਾ ਅਨੁਸਾਰ ਉਚਿਤ ਤਨਖਾਹ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਸਾਰੇ ਮੁੱਦੇ ਗੰਭੀਰਤਾ ਨਾਲ ਵੇਖ ਕੇ ਜਲਦੀ ਹੱਲ ਕਰਨੇ ਚਾਹੀਦੇ ਹਨ ਤਾਂ ਜੋ ਕਰਮਚਾਰੀਆਂ ਨੂੰ ਉਨ੍ਹਾਂ ਦਾ ਹੱਕ ਮਿਲ ਸਕੇ |