ਨਵਾਂਸ਼ਹਿਰ, 28 ਮਾਰਚ (ਜਸਬੀਰ ਸਿੰਘ ਨੂਰਪੁਰ)-ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਵਿਖੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਸਰਕਾਰ ਦਾ ਤਖ਼ਤਾ ਪਲਟਣ ਵਾਲ਼ੀ ਰੈਲੀ ਕੀਤੀ ਜਾਵੇਗੀ, ਇਹ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸੂਬਾ ਚੇਅਰਮੈਨ ਪ੍ਰੇਮ ਸਲੋਹ ਨੇ ਕੀਤਾ | ਮੀਟਿੰਗ 'ਚ ਐਸੋਸੀਏਸ਼ਨ ਦੇ ਮਸਲੇ ਅਤੇ ਪੇਸ਼ ਆ ਰਹੀਆਂ ਮੁਸਕਲਾਂ 'ਤੇ ਵਿਚਾਰ ਚਰਚਾ ਕੀਤੀ ਗਈ | ਸੂਬਾ ਚੇਅਰਮੈਨ ਪ੍ਰੇਮ ਸਲੋਹ, ਸੂਬਾ ਮੀਤ ਪ੍ਰਧਾਨ ਬਲਵੀਰ ਗਰਚਾ, ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ, ਜ਼ਿਲ੍ਹਾ ਚੇਅਰਮੈਨ ਸੁਰਿੰਦਰ ਪਾਲ ਸਿੰਘ ਜੈਨਪੁਰ, ਕੈਸ਼ੀਅਰ ਕਸ਼ਮੀਰ ਸਿੰਘ ਬਛੌੜੀ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਲੱਕੀ ਨੇ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰਜ਼ ਨੂੰ ਆਪਣੇ ਕਿੱਤੇ ਨੂੰ ਬਚਾਉਣ ਲਈ ਸੰਘਰਸ਼ ਕਰਦਿਆਂ ਲੱਗਪਗ 30 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਅੱਜ ਤੱਕ ਕਿਸੇ ਵੀ ਸਰਕਾਰ ਨੇ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ ਹੱਲ ਕਰਨ ਲਈ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ | ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਮੈਡੀਕਲ ਪ੍ਰੈਕਟੀਸ਼ਨਰਜ਼ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰੇਗੀ | ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਚਾਰ ਸਾਲ ਬੀਤ ਗਏ ਪਰ ਮੈਡੀਕਲ ਪ੍ਰੈਕਟੀਸ਼ਨਰਜ਼ ਦਾ ਮਸਲਾ ਉੱਥੇ ਹੀ ਖੜ੍ਹਾ ਏ | ਸਰਕਾਰ ਦੀ ਵਾਅਦਾ ਖਿਲਾਫੀ ਦੇ ਚੱਲਦਿਆਂ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਕਾਲਖ਼ ਅਤੇ ਸਮੁੱਚੀ ਸੂਬਾ ਕਮੇਟੀ ਵੱਲੋਂ ਸਰਕਾਰ ਦੇ ਖ਼ਿਲਾਫ਼ ਤਿੱਖਾ ਸੰਘਰਸ਼ ਵਿੱਢਿਆ ਹੋਇਆ ਹੈ | ਜਿਸ ਤਹਿਤ ਪੂਰੇ ਪੰਜਾਬ 'ਚ ਜੋਨ ਪੱਧਰੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ | ਦੋ ਰੈਲੀਆਂ ਹੋ ਚੁੱਕੀਆਂ ਹਨ ਇੱਕ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਹਲਕੇ ਜ਼ਿਲ੍ਹਾ ਫ਼ਰੀਦਕੋਟ ਵਿੱਚ ਕੋਟਕਪੂਰਾ ਵਿਖੇ ਅਤੇ ਦੂਸਰੀ ਅਮਿ੍ਤਸਰ ਵਿੱਚ ਜੰਡਿਆਲਾ ਗੁਰੂ ਵਿਖੇ ਕੀਤੀ ਗਈ | ਤੀਸਰੀ ਜੋਨ ਪੱਧਰੀ ਵਿਸ਼ਾਲ ਰੈਲੀ 29 ਮਾਰਚ ਦਿਨ ਐਤਵਾਰ ਨੂੰ ਸ਼ਹੀਦ ਊਧਮ ਸਿੰਘ ਦੀ ਜਨਮ ਭੂਮੀ ਸੁਨਾਮ ਵਿਖੇ ਕੀਤੀ ਜਾ ਰਹੀ ਹੈ | ਅਗਰ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਆਪਣੇ ਵਾਅਦਿਆਂ 'ਤੇ ਕਾਇਮ ਰਹਿ ਕੇ ਮੈਡੀਕਲ ਪ੍ਰੈਕਟੀਸ਼ਨਰਜ਼ ਦੇ ਮਸਲੇ ਨੂੰ ਗੰਭੀਰਤਾ ਨਾਲ ਹੱਲ ਕਰਦੀ ਹੈ ਤਾਂ ਠੀਕ ਏ ਨਹੀਂ ਤਾਂ ਇਹ ਰੈਲੀ ਸਰਕਾਰ ਦੇ ਖ਼ਿਲਾਫ਼ ਤਖ਼ਤਾ ਪਲਟਾਊ ਰੈਲੀ ਸ਼ਾਬਤ ਹੋਵੇਗੀ | ਇਸ ਰੈਲੀ 'ਚ ਸੂਬਾ ਚੇਅਰਮੈਨ ਪ੍ਰੇਮ ਸਲੋਹ, ਸੂਬਾ ਮੀਤ ਪ੍ਰਧਾਨ ਬਲਵੀਰ ਗਰਚਾ ਅਤੇ ਜ਼ਿਲ੍ਹਾ ਪ੍ਰਧਾਨ ਬਲਕਾਰ ਕਟਾਰੀਆ ਦੀ ਅਗਵਾਈ ਹੇਠ ਟੋਕਨ ਦੇ ਰੂਪ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ | ਇਸ ਸਮੇਂ ਜ਼ਿਲ੍ਹਾ ਵਾਇਸ ਕੈਸ਼ੀਅਰ ਸਤਨਾਮ ਸਿੰਘ ਬਜੀਦਪੁਰ, ਜਤਿੰਦਰ ਸਹਿਗਲ, ਗੁਰਨਾਮ ਸਿੰਘ, ਆਰਗੇਨਾਈਜ਼ਰ ਸੁਰਿੰਦਰ ਮਹਾਲੋਂ, ਸੋਹਣ ਲਾਲ, ਨਿਰਮਲ ਸਿੰਘ, ਪਰਮਜੀਤ ਬੱਧਣ ਅਤੇ ਜਸਵੀਰ ਸਿੰਘ ਗੜ੍ਹੀ ਆਦਿ ਮੈਂਬਰ ਹਾਜ਼ਰ ਸਨ |