ਰੱਤੇਵਾਲ, 28 ਮਾਰਚ (ਅਸ਼ੋਕ ਕੁਮਾਰ ਲੀਲ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਦੇ ਮਕਸਦ ਨਾਲ ਚਲਾਈ ਗਈ ਵਿਕਾਸ ਕਾਰਜਾਂ ਦੀ ਲੜੀ ਤਹਿਤ, ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਬਲਾਚੌਰ ਦੇ ਪਿੰਡ ਜੰਡੀ ਵਿਖੇ 8.47 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆਂ-ਨਾਲੀਆਂ ਦਾ ਉਦਘਾਟਨ ਕੀਤਾ | ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕਾ ਨੇ ਕਿਹਾ ਕਿ ਇਨ੍ਹਾਂ ਪਿੰਡਾਂ ਵਿੱਚ ਲੰਮੇ ਸਮੇਂ ਤੋਂ ਮਾੜੇ ਰਸਤਿਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਹੁਣ ਇਨ੍ਹਾਂ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਨਾਲ ਪਿੰਡ ਵਾਸੀਆਂ ਨੂੰ ਇਹਨਾਂ ਮੁਸ਼ਕਲਾਂ ਤੋਂ ਹਮੇਸ਼ਾ ਲਈ ਨਿਜਾਤ ਮਿਲੇਗੀ | ਸੰਤੋਸ਼ ਕਟਾਰੀਆ ਨੇ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਸਾਡੀ ਸਰਕਾਰ ਦਾ ਇੱਕੋ-ਇੱਕ ਟੀਚਾ ਹਰ ਨਾਗਰਿਕ ਨੂੰ ਬੁਨਿਆਦੀ ਸਹੂਲਤਾਂ ਅਤੇ ਸਾਫ਼-ਸੁਥਰਾ ਵਾਤਾਵਰਣ ਮੁਹੱਈਆ ਕਰਵਾਉਣਾ ਹੈ | ਬਲਾਚੌਰ ਹਲਕੇ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਰਹਿਣਗੇ ਤਾਂ ਜੋ ਇਸ ਨੂੰ ਇੱਕ ਮਾਡਲ ਹਲਕੇ ਵਜੋਂ ਵਿਕਸਤ ਕੀਤਾ ਜਾ ਸਕੇ | ਇਸ ਮੌਕੇ ਸਰਪੰਚ ਗੁਰਚੈਨ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਜੰਡੀ ਤੋਂ ਟੰਡੋਹ ਜਾਣ ਵਾਲੀ ਫਿਰਨੀ ਨੂੰ ਪੱਕਾ ਕਰਨ ਲਈ ਵਿਧਾਇਕਾ ਨੇ ਪੰਜ ਲੱਖ ਰੁਪਏ ਦਾ ਚੈੱਕ ਦਿੱਤਾ, ਜਿਸ ਨੂੰ ਬਹੁਤ ਜਲਦੀ ਪੱਕਾ ਕਰਵਾ ਕੇ ਵਿਧਾਇਕਾ ਵਲੋਂ ਉਦਘਾਟਨ ਕੀਤਾ ਜਾਵੇਗਾ | ਇਸ ਉਦਘਾਟਨੀ ਸਮਾ ਦੌਰਾਨ ਆਪ ਦੇ ਸਥਾਨਕ ਆਗੂ ਸਰਪੰਚ ਗੁਰਚੈਨ ਸਿੰਘ, ਹਰਭਜਨ ਸਿੰਘ ਮੈਂਬਰ ਪੰਚਾਇਤ ਟੰਡੋਹ, ਰਵੀਨੰਦਨ ਪੰਚ, ਮਨਮੋਹਨ ਲਾਲ ਪੰਚ, ਕਵਲਜੀਤ ਕੌਰ ਪੰਚ, ਅਮਨਪ੍ਰੀਤ ਕੌਰ ਪੰਚ, ਸੋਹਨ ਲਾਲ ਸੇਵਾ ਮੁਕਤ ਇੰਸਪੈਕਟਰ, ਗੁਰਮੇਲ ਸਿੰਘ, ਸੁਭਾਸ਼ ਚੰਦਰ ਨੰਬਰਦਾਰ, ਕੀਮਤੀ ਲਾਲ, ਅਮਰ ਚੰਦ, ਪਿਆਰੇ ਲਾਲ, ਹੁਸਨ ਲਾਲ, ਸਤਪਾਲ, ਮਾਸਟਰ ਗੁਰਦੇਵ, ਬਲਦੇਵ ਸਿੰਘ ਗਿੱਲ, ਅਸ਼ੋਕ ਕੁਮਾਰ, ਅਵਤਾਰ ਸਿੰਘ ਠੇਕੇਦਾਰ, ਪਵਨਜੀਤ ਚੇਚੀ ਅਤੇ ਪਿੰਡਾਂ ਦੇ ਮੋਹਤਬਰ ਵਿਅਕਤੀਆਂ ਨੇ ਵਿਧਾਇਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਆਮ ਲੋਕਾਂ ਦੀਆਂ ਲੋੜਾਂ ਨੂੰ ਪਹਿਲ ਦੇ ਅਧਾਰ 'ਤੇ ਪੂਰਾ ਕਰ ਰਹੀ ਹੈ |