ਨਵਾਂਸ਼ਹਿਰ, 2 ਅਪ੍ਰੈਲ (ਹਰਮਿੰਦਰ ਸਿੰਘ ਪਿੰਟੂ)-ਜ਼ਿਲ੍ਹਾ ਨੰਬਰਦਾਰ ਯੂਨੀਅਨ ਸ਼ਹੀਦ ਭਗਤ ਸਿੰਘ ਨਗਰ ਦੇ ਨੰਬਰਦਾਰਾਂ ਨੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਨੰਬਰਦਾਰ ਯੂਨੀਅਨ ਵਲੋਂ ਜ਼ਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਗੁਲਪ੍ਰੀਤ ਸਿੰਘ ਔਲਖ ਨੂੰ ਮੁੱਖ ਮੰਤਰੀ ਪੰਜਾਬ ਦੇ ਨਾਂ ਇਕ ਮੰਗ ਪੱਤਰ ਸੌਂਪਿਆ ਗਿਆ, ਜਿਸ ਵਿਚ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਜਲਦ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਦਿਨਾਂ ਵਿੱਚ ਸਰਕਾਰ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ | ਯੂਨੀਅਨ ਦੇ ਆਗੂਆਂ ਨੇ ਦੱਸਿਆ ਕਿ 2022 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਨੰਬਰਦਾਰਾਂ ਦਾ ਮਾਣਭੱਤਾ ਦੁੱਗਣਾ ਕੀਤਾ ਜਾਵੇਗਾ ਅਤੇ ਨੰਬਰਦਾਰੀ ਨੂੰ ਜੱਦੀ-ਪੁਸ਼ਤੀ ਬਹਾਲ ਕੀਤਾ ਜਾਵੇਗਾ, ਪਰ ਅਫ਼ਸੋਸ ਕਿ ਸਰਕਾਰ ਦੇ ਚਾਰ ਸਾਲ ਬੀਤਣ ਦੇ ਬਾਵਜੂਦ ਅਜੇ ਤੱਕ ਇਹ ਵਾਅਦੇ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹਨ | ਪ੍ਰਧਾਨ ਤਾਜਪੁਰ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚ ਅੱਜ ਮੰਗ ਪੱਤਰ ਦਿੱਤੇ ਗਏ | ਇਸ ਮੌਕੇ ਜਿਲ੍ਹਾ ਪ੍ਰਧਾਨ ਹਰਵੰਤ ਸਿੰਘ ਤਾਜਪੁਰ, ਸੀਨੀਅਰ ਮੀਤ ਪ੍ਰਧਾਨ ਬਲਰਾਜ ਸਿੰਘ ਕਰੀਹਾਂ, ਮੀਤ ਪ੍ਰਧਾਨ ਸੁਖਜੀਵਨ ਸਿੰਘ ਕਰਨਾਣਾ, ਸੀਨੀਅਰ ਖਜਾਨਚੀ ਰਾਵਲ ਸਿੰਘ ਮੁਬਾਰਕਪੁਰ, ਖਜ਼ਾਨਚੀ ਹਰ ਜਸਦੇਵ ਸਿੰਘ ਸ਼ਾਹਪੁਰ ਪੱਟੀ, ਸੁਲੱਖਣ ਸਿੰਘ ਕਿਸ਼ਨਪੁਰ, ਜਨਰਲ ਸਕੱਤਰ ਵਿਮਲ ਕੁਮਾਰ ਰਾਹੋਂ, ਜਨਰਲ ਸਕੱਤਰ ਪਰਮਜੀਤ ਸਿੰਘ ਕਰੀਮਪੁਰ, ਸੀਨੀਅਰ ਮੀਤ ਪ੍ਰਧਾਨ ਸੰਤੋਖ ਸਿੰਘ ਭੰਗਲ ਕਲਾਂ, ਯਾਦਵਿੰਦਰ ਸਿੰਘ ਭੱਟੀ ਬਰਨਾਲਾ ਖੁਰਦ, ਪ੍ਰੈੱਸ ਸਕੱਤਰ ਸੁਰਜੀਤ ਰਾਮ ਸਲੋਹ, ਸਕੱਤਰ ਉਂਕਾਰ ਸਿੰਘ ਕੰਗ, ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਏਪੁਰ ਡੱਬਾ, ਨੰਬਰਦਾਰ ਮਹਿੰਦਰ ਪਾਲ ਬੈਰਸੀਆਂ, ਰਾਮ ਆਸਰਾ ਵਜੀਦਪੁਰ ਆਦਿ ਹਾਜ਼ਰ ਸਨ |