ਬਲਾਚੌਰ, 2 ਅਪ੍ਰੈਲ (ਨਰੇਸ਼ ਧੌਲ)-ਗ਼ਲਤ ਅਨਸਰਾਂ ਵਲੋਂ ਪਿਛਲੇ ਲੰਬੇ ਸਮੇਂ ਤੋਂ ਸੰਵਿਧਾਨ ਰਚੇਤਾ ਡਾਕਟਰ ਭੀਮ ਰਾਓ ਅੰਬੇਡਕਰ ਦੇ ਆਦਮ ਕੱਦ ਬੁੱਤਾਂ ਨੂੰ ਨੁਕਸਾਨ ਪਹੁੰਚਾਏ ਜਾਣ ਦੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਜਿਹੜਾ ਕਿ ਅਤਿ ਨਿੰਦਣਯੋਗ ਵਰਤਾਰਾ ਸਾਬਤ ਹੋ ਰਿਹਾ ਹੈ | ਇਹ ਪ੍ਰਗਟਾਵਾ ਐਡਵੋਕੇਟ ਪ੍ਰਵੇਸ਼ ਖੌਸਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕੀਤਾ ਗਿਆ | ਉਨ੍ਹਾਂ ਆਖਿਆ ਕਿ ਪਹਿਲਾਂ ਹੋਈਆਂ ਇਨ੍ਹਾਂ ਮੰਦਭਾਗੀਆਂ ਘਟਨਾਵਾਂ ਦੀਆਂ ਖਬਰਾਂ ਦੀ ਸਿਆਹੀ ਹਾਲੇ ਸੁੱਕੀ ਨਹੀਂ ਕਿ ਜਿਹੜਾ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਨੂਰਪੁਰ ਜੱਟਾਂ ਵਿਖੇ ਸੁਸ਼ੋਭਿਤ ਡਾਕਟਰ ਭੀਮ ਰਾਓ ਅੰਬੇਡਕਰ ਦੇ ਆਦਮ ਕੱਦ ਬੁੱਤ ਨੂੰ ਖੰਡਿਤ ਕੀਤੇ ਜਾਣ ਦੀ ਘਟਨਾ ਮੁੜ ਸਾਹਮਣੇ ਆ ਗਈ ਹੈ ਜਿਹੜੀ ਕਿ ਸੂਬਾ ਸਰਕਾਰ ਦੀ ਢਿੱਲੀ ਮੱਠੀ ਕਾਰਗੁਜ਼ਾਰੀ ਦਾ ਨਤੀਜਾ ਹੈ | ਉਨ੍ਹਾਂ ਆਖਿਆ ਕਿ ਪਿੰਡ ਨੂਰਪੁਰ ਜੱਟਾਂ ਵਿੱਚ ਬਾਬਾ ਸਾਹਿਬ ਦੀ ਮੂਰਤੀ ਨਾਲ ਦੂਜੀ ਵਾਰ ਭੰਨਤੋੜ ਦਾ ਵਾਕਿਆ ਹੋਇਆ ਹੈ ਤੇ ਜੇਕਰ ਪੰਜਾਬ ਪੁਲਿਸ ਨੇ ਪਹਿਲੀ ਵਾਰ ਇਸ ਘਟਨਾ ਨੂੰ ਗੰਭੀਰਤਾ ਨਾਲ ਲਿਆ ਹੁੰਦਾ ਅਤੇ ਦੋਸ਼ੀਆਂ ਨੂੰ ਫੜਿਆ ਹੁੰਦਾ ਤਾਂ ਯਕੀਨਨ ਇਹ ਹਾਦਸਾ ਦੋਬਾਰਾ ਨਾ ਹੁੰਦਾ | ਉਨ੍ਹਾਂ ਆਖਿਆ ਕਿ ਸੂਬੇ ਦੀ ਸਰਕਾਰ ਅਤੇ ਸਥਾਨਕ ਗੜ੍ਹਸ਼ੰਕਰ ਦੀ ਪੁਲਿਸ ਇਹ ਗੱਲ ਚੰਗੀ ਤਰ੍ਹਾਂ ਸਮਝ ਲਵੇ ਕਿ ਜੇਕਰ ਇਸ ਵਾਰ ਉਨ੍ਹਾਂ ਨੇ ਦੋਸ਼ੀਆਂ ਨੂੰ ਜਲਦ ਹੀ ਗਿ੍ਫਤਾਰ ਕਰਕੇ ਸਲਾਖਾਂ ਪਿੱਛੇ ਨਾ ਸੁੱਟਿਆ ਤਾਂ ਉਨ੍ਹਾਂ ਵੱਲੋਂ ਸੂਬੇ ਦੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਖਿਲਾਫ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਸਾਬਕਾ ਸਰਪੰਚ ਨਰੈਣ ਚੰਦ, ਬਲਦੇਵ ਸਿੰਘ ਖੌਸਲਾ, ਪਰਵੀਨ ਕੁਮਾਰ ਅਤੇ ਅਜੇ ਰੱਤੇਵਾਲ ਆਦਿ ਵੀ ਹਾਜ਼ਰ ਸਨ |