ਪੋਜੇਵਾਲ ਸਰਾਂ, 2 ਅਪ੍ਰੈਲ (ਨਵਾਂਗਰਾਈਾ)-ਸ੍ਰੀ ਗੁਰੂ ਤੇਗ ਬਹਾਦਰ ਮਾਰਗ ਬੰਗਾ-ਸ੍ਰੀ ਅਨੰਦਪੁਰ ਸਾਹਿਬ ਦੇ ਸਿੰਘਪੁਰ ਤੋਂ ਕਾਹਨਪੁਰ ਖੂਹੀ ਤੱਕ ਦੇ ਟੋਟੇ ਦੀ ਕਾਰ ਸੇਵਾ ਜੋ ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸਤਨਾਮ ਸਿੰਘ ਦੀ ਅਗਵਾਈ ਵਿੱਚ ਪਿਛਲੇ ਦੋ ਸਾਲ 2 ਮਹੀਨੇ ਤੋਂ ਲਗਾਤਾਰ ਚੱਲ ਰਹੀ ਹੈ | ਇਸ ਸੇਵਾ ਦੇ ਅਗਲੇ ਪੜਾਅ ਤਹਿਤ ਹੁਸ਼ਿਆਰਪੁਰ ਅਤੇ ਜ਼ਿਲ੍ਹਾ ਰੋਪੜ ਦੀ ਸਰਹੱਦ 'ਤੇ ਲਗਪਗ 6 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਦੋ ਪੁਲਾਂ ਦੇ ਨਿਰਮਾਣ ਕਾਰਜ ਦਾ ਸ਼ੁੱਭ ਆਰੰਭ ਬਾਬਾ ਸਤਨਾਮ ਸਿੰਘ ਅਤੇ ਬਾਬਾ ਗੁਰਦੇਵ ਸਿੰਘ ਸ਼ਹੀਦੀ ਬਾਗ ਵਾਲਿਆਂ ਵੱਲੋਂ ਅਰਦਾਸ ਕਰਕੇ ਸ਼ੁਰੂ ਕੀਤਾ ਗਿਆ | ਇਸ ਮਹੱਤਵਪੂਰਨ ਪ੍ਰੋਜੈਕਟ ਨਾਲ ਇਲਾਕੇ ਦੀ ਆਵਾਜਾਈ ਸੁਵਿਧਾਵਾਂ 'ਚ ਵੱਡਾ ਸੁਧਾਰ ਆਵੇਗਾ | ਸੰਤ ਬਾਬਾ ਸਤਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਸੇਵਾ ਤਹਿਤ ਹੁਣ ਤੱਕ ਪੰਜਾਬ ਅਤੇ ਹਿਮਾਚਲ ਵਿੱਚ ਸੰਗਤਾਂ ਦੀ ਸਹੂਲਤ ਲਈ ਨੌਂ ਵੱਡੇ-ਛੋਟੇ ਪੁਲ ਤਿਆਰ ਕੀਤੇ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਜਿਸ ਇਲਾਕੇ ਨੂੰ ਪਹਿਲਾਂ ਜੰਗਲ ਅਤੇ ਭੀੜ ਵਾਲਾ ਖੇਤਰ ਮੰਨਿਆ ਜਾਂਦਾ ਸੀ, ਅਕਾਲ ਪੁਰਖ ਦੀ ਕਿਰਪਾ ਨਾਲ ਉਹ ਹੁਣ ਵਿਕਾਸ ਦੀ ਰਾਹ 'ਤੇ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ | ਉਨ੍ਹਾਂ ਹੋਰ ਦੱਸਿਆ ਕਿ 10 ਕਿਲੋਮੀਟਰ ਲੰਬੀ ਇਕ ਆਧੁਨਿਕ ਸੜਕ ਦਾ ਨਿਰਮਾਣ ਵੀ ਜਾਰੀ ਹੈ, ਜੋ ਪੂਰੇ ਦੇਸ਼ ਵਿੱਚ ਉੱਤਮ ਦਰਜੇ ਦੀ ਮਿਸਾਲ ਬਣੇਗੀ | ਇਸ ਸੜਕ ਦੇ ਨਾਲ ਪੁਰਾਤਨ ਦਰੱਖਤਾਂ ਦੀ ਸੰਭਾਲ, ਫਲਦਾਰ ਅਤੇ ਫੁੱਲਦਾਰ ਬੂਟਿਆਂ ਦੀ ਰੋਪਾਈ, ਪਸ਼ੂ-ਪੰਛੀਆਂ ਲਈ ਤਲਾਬ ਅਤੇ ਯਾਤਰੀਆਂ ਲਈ ਬੈਠਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਇਸ ਮੌਕੇ ਸਿੰਗਲਾ ਕੰਸਟ੍ਰਕਸ਼ਨ ਕੰਪਨੀ ਦੇ ਏ. ਜੀ. ਐੱਮ. ਸੁਰਿੰਦਰ ਸਿੰਘ ਸਿੰਗਲਾ ਨੇ ਦੱਸਿਆ ਕਿ ਪੁਲਾਂ ਦਾ ਨਿਰਮਾਣ ਬਹੁਤ ਹੀ ਸਟੀਕ ਯੋਜਨਾ ਅਧੀਨ ਉਸੇ ਮਿਆਰ ਨਾਲ ਕੀਤਾ ਜਾ ਰਿਹਾ ਹੈ | ਇਸ ਸਮਾਗਮ ਦੌਰਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਸ਼ਹੀਦੀ ਬਾਗ ਵਾਲੇ, ਬਾਬਾ ਹੀਰਾ ਸਿੰਘ, ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ, ਸਤਨਾਮ ਸਿੰਘ ਗੜ੍ਹਸ਼ੰਕਰ, ਦਲਜੀਤ ਸਿੰਘ ਬੈਂਸ ਸਮਾਜ ਸੇਵੀ, ਬਾਬਾ ਸਤਨਾਮ ਸਿੰਘ ਮੁਨਸ਼ੀ, ਬਾਬਾ ਸਾਹਿਬ ਸਿੰਘ, ਸਿਮਰਨ ਸਿੰਘ, ਸਾਹਿਬ ਸਿੰਘ, ਬਲਬੀਰ ਸਿੰਘ ਕਿਲਾ ਸ੍ਰੀ ਅਨੰਦਗੜ੍ਹ ਸਾਹਿਬ, ਮਨਪ੍ਰੀਤ ਸਿੰਘ ਜੱਗਾ, ਡਾ. ਗੁਰਮੇਲ ਸਿੰਘ ਕੜਿਆਲ, ਬਾਬਾ ਬੰਨਸਾ ਸਿੰਘ, ਹਰਪਾਲ ਸਿੰਘ ਪਾਲੀ, ਸਮੇਤ ਹੋਰ ਕਈ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਮੌਜੂਦ ਸਨ |