ਮਜਾਰੀ/ਸਾਹਿਬਾ, 16 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਪਿੰਡ ਮਹਿੰਦਪੁਰ ਤੋਂ ਅਮਰੀਕਾ ਵਿਖੇ ਰੋਜ਼ੀ ਰੋਟੀ ਕਮਾਉਣ ਗਏ ਦਲਬੀਰ ਸਿੰਘ (48 ਸਾਲ) ਪੁੱਤਰ ਬਲਦੇਵ ਸਿੰਘ ਜਿਸ ਦੀ 18 ਮਾਰਚ 2026 ਨੂੰ ਦਿਲ ਦਾ ਦੌਰਾ ਪੈਣ ਕਾਰਨ ਅਮਰੀਕਾ ਵਿਖੇ ਮੌਤ ਹੋ ਗਈ ਸੀ | ਉਸ ਦੀ ਮਿ੍ਤਕ ਦੇਹ ਇਕ ਮਹੀਨੇ ਬਾਅਦ ਪਿੰਡ ਮਹਿੰਦਪੁਰ ਵਿਖੇ ਪਹੁੰਚਣ ਕਾਰਨ ਸਾਰੇ ਪਿੰਡ ਦਾ ਮਾਹੌਲ ਬੇਹੱਦ ਗ਼ਮਗੀਨ ਹੋ ਗਿਆ | ਮਿ੍ਤਕ ਦੇਹ ਦਾ ਅੰਤਿਮ ਸੰਸਕਾਰ ਪਿੰਡ ਮਹਿੰਦਪੁਰ ਦੀ ਸ਼ਮਸ਼ਾਨਘਾਟ ਵਿਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਕਰ ਦਿੱਤਾ ਗਿਆ, ਮਿ੍ਤਕ ਦੇਹ ਨੂੰ ਅਗਨੀ ਬਜ਼ੁਰਗ ਪਿਤਾ ਵਲੋਂ ਦਿਖਾਈ ਗਈ | ਮਿ੍ਤਕ ਪਿੱਛੇ ਬਜ਼ੁਰਗ ਮਾਤਾ, ਪਿਤਾ, ਪਤਨੀ ਅਤੇ ਇਕ ਬੇਟੀ ਤੇ ਬੇਟਾ ਜੋ ਅਮਰੀਕਾ ਰਹਿੰਦਾ ਹੈ ਨੂੰ ਰੋਂਦੇ ਕੁਰਲਾਉਂਦੇ ਛੱਡ ਗਿਆ ਹੈ | ਪਿਤਾ ਬਲਦੇਵ ਸਿੰਘ ਨੇ ਦੱਸਿਆ ਕਿ ਦਲਬੀਰ ਸਿੰਘ ਪਹਿਲਾਂ ਗ੍ਰੀਸ 13 ਸਾਲ ਰਿਹਾ, ਜੋ ਉੱਥੇ ਪੱਕਾ ਸੀ | ਫਿਰ 13 ਸਾਲ ਤੋਂ ਅਮਰੀਕਾ ਵਿਖੇ ਰਹਿ ਰਿਹਾ ਸੀ, ਜਿਸ ਨੇ ਹੁਣ ਕੁੱਝ ਸਮੇਂ ਬਾਅਦ ਪੱਕੇ ਤੌਰ 'ਤੇ ਹੀ ਪਿੰਡ ਆ ਜਾਣਾ ਸੀ, ਪਰ ਪ੍ਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ | ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਤੇ ਰਿਸ਼ਤੇਦਾਰ ਹਾਜ਼ਰ ਸਨ |