ਨਵਾਂਸ਼ਹਿਰ, 16 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦਾਣਾ ਮੰਡੀ ਵਿਖੇ ਕਣਕ ਦੀ ਖ਼ਰੀਦ ਦੇ ਪ੍ਰਬੰਧ ਕਈ ਦਿਨਾਂ ਤੋਂ ਮੱਧਮ ਪਾਏ ਜਾ ਰਹੇ ਸਨ ਅਤੇ ਅਵਨੀਤ ਕੌਰ ਡਿਪਟੀ ਕਮਿਸ਼ਨਰ ਵੱਲੋ ਖਰੀਦ ਪ੍ਰਬੰਧਾਂ ਦੀ ਸ਼ੁਰੂਆਤ ਕਰਵਾਈ ਗਈ | ਉਨ੍ਹਾਂ ਦੇ ਨਾਲ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਗਗਨ ਅਗਨੀਹੋਤਰੀ ਚੇਅਰਮੈਨ ਮਾਰਕੀਟ ਕਮੇਟੀ ਨਵਾਂਸ਼ਹਿਰ, ਦਿਨੇਸ਼ ਸੂਰੀ ਸੀਨੀਅਰ ਆਗੂ ਵੀ ਸ਼ਾਮਿਲ ਹੋਏ | ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਕਿਸਾਨਾਂ ਨੂੰ ਮੰਡੀਆਂ 'ਚ ਕਿਸੇ ਕਿਸਮ ਦੇ ਖਰੀਦ ਪ੍ਰਬੰਧਾਂ 'ਚ ਦਿੱਕਤ ਨਹੀਂ ਆਵੇਗੀ | ਉਨ੍ਹਾਂ ਆਖਿਆ ਕਿ ਮੰਡੀਆਂ 'ਚ ਬਾਰਦਾਨੇ ਦੀ ਕੋਈ ਸਮੱਸਿਆ ਨਹੀਂ ਆ ਰਹੀ | ਨਵਾਂਸ਼ਹਿਰ ਮੰਡੀ 'ਚ ਖਰੀਦ ਪ੍ਰਬੰਧ ਸ਼ੁਰੂ ਕਰਵਾਏ ਗਏ ਹਨ ਅਤੇ ਮੰਡੀਆਂ 'ਚ ਆਏ ਕਿਸਾਨਾਂ ਦੀ ਫਸਲ ਦੀ ਤੁਲਾਈ ਵੀ ਕਰਵਾਈ ਗਈ | ਵਧੀਕ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਉਨ੍ਹਾਂ ਵੱਲੋਂ ਵੱਖ-ਵੱਖ ਮੰਡੀਆਂ ਦਾ ਦੌਰਾ ਵੀ ਕੀਤਾ ਗਿਆ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ ਗਈਆਂ | ਉਨ੍ਹਾਂ ਕਿਹਾ ਕਿ ਨਵਾਂਸ਼ਹਿਰ ਦਾਣਾ ਮੰਡੀ 'ਚ ਇਸ ਸਮੇਂ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ | ਉਨ੍ਹਾਂ ਆਖਿਆ ਕਿ ਕਿਸਾਨਾਂ ਦੀ ਸਹੂਲਤ ਲਈ ਮੌਸਮ ਨੂੰ ਮੁੱਖ ਰੱਖਦਿਆਂ ਤਰਪਾਲਾਂ ਵੀ ਮੁਹਈਆ ਕਰਵਾਈਆਂ ਗਈਆਂ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ 'ਚ ਸੁੱਕੀ ਫਸਲ ਹੀ ਲੈ ਕੇ ਆਉਣ ਅਤੇ ਦੇਰ ਰਾਤ ਤੱਕ ਕੰਬਾਈਨਾਂ ਨਾ ਚਲਾਈਆਂ ਜਾਣ ਤਾਂ ਕਿ ਕਿਸਾਨਾਂ ਨੂੰ ਮੰਡੀਆਂ 'ਚ ਕੋਈ ਵੀ ਦਿੱਕਤ ਨਾ ਆ ਸਕੇ |