ਕਾਠਗੜ੍ਹ, 23 ਅਪ੍ਰੈਲ (ਹਰਸਿਮਰਨ ਜੋਤ ਸਿੰਘ ਕਲੇਰ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੀ ਉਪਜ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਉਣ ਲਈ ਸਬ ਡਵੀਜ਼ਨ ਬਲਾਚੌਰ ਦੀਆਂ ਆਸ-ਪਾਸ-ਦੀਆਂ ਦਾਣਾ ਮੰਡੀਆਂ ਦਾ ਦੌਰਾ ਕੀਤਾ | ਸੀਨੀਅਰ ਆਪ ਨੇਤਾ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਰਨਵੀਰ ਕਟਾਰੀਆ ਨੇ ਆਪਣੇ ਦੌਰੇ ਦੌਰਾਨ ਕਿਸਾਨਾਂ ਵਲੋਂ ਦਾਣਾ ਮੰਡੀਆਂ ਵਿਚ ਲਿਆਂਦੀਆਂ ਕਣਕ ਦੀਆਂ ਢੇਰੀਆਂ ਵਿੱਚ ਨਮੀ ਦਾ ਨਿਰੀਖਣ ਵੀ ਕੀਤਾ | ਇਸ ਦੌਰਾਨ ਉਨ੍ਹਾਂ ਮੌਕੇ 'ਤੇ ਮੌਜੂਦ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਮੰਡੀ ਸੁਪਰਵਾਈਜ਼ਰਾਂ ਨਾਲ ਗੱਲਬਾਤ ਕੀਤੀ ਅਤੇ ਮੰਡੀ ਪ੍ਰਬੰਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ | ਇਸ ਮੌਕੇ ਗੱਲਬਾਤ ਕਰਦਿਆਂ ਕਰਨਵੀਰ ਕਟਾਰੀਆ ਨੇ ਕਿਹਾ ਕਿ ਸੂਬਾ ਸਰਕਾਰ-ਕਿਸਾਨਾਂ ਦੇ ਹਿੱਤਾਂ ਨੂੰ ਸਰਵਉੱਚ ਮੰਨਦੀ ਹੈ ਅਤੇ ਇਸੇ ਲਈ ਫ਼ਸਲ ਦੀ ਕਟਾਈ ਸ਼ੁਰੂ ਹੁੰਦੇ ਹੀ ਕਣਕ ਦੀ ਖਰੀਦ ਵੀ ਤੁਰੰਤ ਪ੍ਰਭਾਵ ਨਾਲ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਅਤੇ ਕਿਹਾ ਮਿਹਨਤ ਦਾ ਇੱਕ-ਇੱਕ ਦਾਣਾ ਸਰਕਾਰ ਵਲੋਂ ਖ਼ਰੀਦਿਆ ਜਾਵੇਗਾ ਅਤੇ ਕਿਸੇ ਵੀ ਫ਼ਸਲ ਨੂੰ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ | ਕਰਨਵੀਰ ਕਟਾਰੀਆ ਨੇ ਇਹ ਵੀ ਸਪੱਸ਼ਟ ਕੀਤਾ ਕਿ ਮੰਡੀ ਸਮੇਤ ਸਾਰੀਆਂ ਸਬੰਧਤ ਮੰਡੀਆਂ ਵਿੱਚ ਸਫ਼ਾਈ, ਤੋਲ, ਭੰਡਾਰਨ ਅਤੇ ਆਵਾਜਾਈ ਲਈ ਬਿਹਤਰ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਆਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਸਮੱਸਿਆਵਾਂ ਸੁਝਾਅ ਸਾਂਝੇ ਕੀਤੇ, ਜਿਸ 'ਤੇ ਕਰਨਵੀਰ ਕਟਾਰੀਆ ਨੇ ਤੁਰੰਤ ਸਮੂਹ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਦਿੱਤੀਆਂ | ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਮੰਡੀ ਵਿਚ ਪਾਰਦਰਸ਼ਤਾ ਅਤੇ ਸਮਾਂਬੱਧ ਖ਼ਰੀਦ ਨੂੰ ਤਰਜੀਹ ਦਿੱਤੀ ਜਾਵੇ | ਇਹ ਦੌਰਾ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਤੇ ਇਹ ਸੁਨਿਸ਼ਚਿਤ ਕਰਦਾ ਹੈ ਕਿ ਖੇਤ ਤੋਂ ਬਾਜ਼ਾਰ ਤੱਕ ਦੀ ਪ੍ਰਕਿਰਿਆ ਵਿਚ ਕੋਈ ਰੁਕਾਵਟ ਨਾ ਆਵੇ |