ਬੰਗਾ, 23 ਅਪ੍ਰੈਲ (ਧਰਮਵੀਰ ਪਾਲ)-ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਦੋ ਵਿਦਿਆਰਥੀਆਂ ਜਸ਼ਨਪ੍ਰੀਤ ਕੌਰ ਅਤੇ ਅਦਿੱਤੀ ਕੌਰ ਨੇ ਬੀਤੇ ਦਿਨੀਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਜ਼), ਰਿਸ਼ੀਕੇਸ਼ ਵਿਖੇ 'ਐਡਵਾਂਸਡ ਟੈਕਨਾਲੋਜੀਜ਼ ਇਨ ਅਨੈਸਥੀਸੀਆ ਐਂਡ ਓ. ਟੀ. ਪ੍ਰੈਕਟਿਸ' ਕਾਨਫਰੰਸ ਮੌਕੇ ਹੋਏ ਵੱਡੇ ਮੁਕਾਬਲੇ ਵਿਚੋਂ ਦੋ ਇਨਾਮ ਜਿੱਤ ਕੇ ਇਤਿਹਾਸ ਰਚਿਆ ਹੈ | ਇਹ ਜਾਣਕਾਰੀ ਕਾਲਜ ਦੇ ਵਾਈਸ ਪਿ੍ੰਸੀਪਲ ਰਾਜਦੀਪ ਥਿਦਵਾਰ ਨੇ ਦਿੱਤੀ | ਉਹਨਾਂ ਦੱਸਿਆ ਕਿ ਏਮਜ਼ ਰਿਸ਼ੀਕੇਸ਼ ਵਿੱਚ ਹੋਈ ਨੈਸ਼ਨਲ ਪੱਧਰ ਦੀ ਇਸ ਕਾਨਫਰੰਸ ਵਿੱਚ ਰਿਸਰਚ ਐਬਸਟਰੈਕਟ ਕੰਪੀਟੀਸ਼ਨ ਕਰਵਾਇਆ ਗਿਆ, ਜਿਸ ਵਿੱਚ ਦੇਸ਼ ਦੇ ਵੱਖ-ਵੱਖ ਕਾਲਜਾਂ ਦੇ ਲਗਪਗ 800 ਵਿਦਿਆਰਥੀਆਂ ਨੇ ਭਾਗ ਲਿਆ | ਇਸ ਮੁਕਾਬਲੇ ਵਿਚ ਸ਼ਾਨਦਾਰ ਪ੍ਰਭਿਤਾ ਦਾ ਪ੍ਰਦਰਸ਼ਨ ਕਰਦੇ ਹੋਏ ਕਾਲਜ ਦੇ ਵਿਦਿਆਰਥੀ ਜਸ਼ਨਪ੍ਰੀਤ ਕੌਰ ਪੁੱਤਰੀ ਬਲਦੇਵ ਸਿੰਘ-ਸ੍ਰੀਮਤੀ ਹਰਜਿੰਦਰ ਕੌਰ ਜ਼ਿਲ੍ਹਾ ਜਲੰਧਰ ਬੀ. ਅੱੈਸ. ਸੀ. ਆਪ੍ਰੇਸ਼ਨ ਥੀਏਟਰ ਟੈਕਨਾਲੋਜੀ, ਚੌਥਾ ਸਮੈਸਟਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਅਦਿੰਤੀ ਕੌਰ ਪੁੱਤਰੀ ਜਸਵੰਤ ਸਿੰਘ-ਸ੍ਰੀਮਤੀ ਮਿਨਾਕਸ਼ੀ, ਨਵਾਂਸ਼ਹਿਰ ਬੀ. ਐੱਸ. ਸੀ. ਆਪ੍ਰੇਸ਼ਨ ਥੀਏਟਰ ਟੈਕਨਾਲੋਜੀ, ਚੌਥਾ ਸਮੈਸਟਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਕਾਨਫਰੰਸ ਵਿਚ ਮੈਡਮ ਪਿਊਸ਼ੀ ਯਾਦਵ ਸਹਾਇਕ ਪ੍ਰੋਫੈਸਰ ਰੇਡੀਓਲੋਜੀ ਤੇ ਇਮੇਜਿੰਗ ਟੈਕਨਾਲੋਜੀ ਨੂੰ ਰਸਮੀ ਤੌਰ 'ਤੇ ਇੰਡੀਅਨ ਸੋਸਾਇਟੀ ਆਫ਼ ਟੈਕਨਾਲੋਜਿਸਟਸ ਦੇ ਸਰਪ੍ਰਸਤ ਵਜੋਂ ਚੁਣਿਆ ਗਿਆ, ਜਿਸ ਨੇ ਪੈਰਾ ਮੈਡੀਕਲ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੇ ਪਾਏ ਵਿਸ਼ੇਸ਼ ਯੋਗਦਾਨ ਨੂੰ ਮਾਨਤਾ ਦਿੱਤੀ | ਉਨ੍ਹਾਂ ਦੀ ਇਹ ਚੋਣ ਸ਼ੇਸ਼ਨਾਥ ਯਾਦਵ (ਪ੍ਰਧਾਨ, ਆਈ. ਐੱਸ. ਟੀ.), ਰਾਜੀਵ ਕੁਮਾਰ ਸਕਸੈਨਾ (ਸੀਨੀਅਰ ਵਾਈਸ ਪ੍ਰੈਜ਼ੀਡੈਂਟ), ਮਨੋਜ ਕੁਮਾਰ (ਵਾਈਸ ਪ੍ਰੈਜ਼ੀਡੈਂਟ), ਮੁਹੰਮਦ ਮਕਸੂਦ ਆਲਮ (ਵਾਈਸ ਪ੍ਰੈਜ਼ੀਡੈਂਟ), ਨਰੇਸ਼ ਕੁਮਾਰ (ਖਜ਼ਾਨਚੀ), ਸ਼੍ਰੀਮਤੀ ਮੋਨਿਕਾ ਵੇਦਰਾਜ ਜਾਧਵ (ਜਨਰਲ ਸੈਕਟਰੀ), ਪ੍ਰਸ਼ਾਂਤ ਮੌਰਿਆ (ਸਕੱਤਰ), ਹੇਮੰਤ ਕੁਮਾਰ (ਸੰਯੁਕਤ ਸੈਕਟਰੀ) ਅਤੇ ਸ਼੍ਰੀਮਤੀ ਮਮਤਾ ਸ਼ਰਮਾ ਵੱਲੋਂ ਕੀਤੀ ਗਈ | ਇਸ ਮੌਕੇ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਾਲਜ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਮੂਹ ਟਰੱਸਟ ਵੱਲੋਂ ਦੋਵਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਇਸ ਮੌਕੇ ਮਹਿੰਦਰ ਪਾਲ ਸਿੰਘ, ਸਹਾਇਕ ਪ੍ਰੋਫੈਸਰ ਸਿੰਘ ਅੰਜਲੀ ਜੈਅ ਤੇ ਸਹਾਇਕ ਪ੍ਰੋਫੈਸਰ ਧੀਰ ਸਿੰਘ ਵੀ ਹਾਜ਼ਰ ਸਨ |