ਬਹਿਰਾਮ, 23 ਅਪ੍ਰੈਲ (ਨਛੱਤਰ ਸਿੰਘ ਬਹਿਰਾਮ)-ਰੋਪੜ-ਫਗਵਾੜਾ ਮੁੱਖ ਮਾਰਗ 'ਤੇ ਬਹਿਰਾਮ ਵਿਖੇ ਲੰਮੇ ਸਮੇਂ ਤੋਂ ਬਣ ਰਿਹਾ ਪੁਲ ਕਦੋਂ ਚਾਲੂ ਹੋਵੇਗਾ ਕਿਸੇ ਨੂੰ ਕੋਈ ਪਤਾ ਨਹੀਂ, ਕਾਫ਼ੀ ਅਰਸੇ ਤੋਂ ਇਸ ਵੱਲ ਦੇਖ ਰਹੇ ਹਨ ਇਲਾਕੇ ਦੇ ਲੋਕ ਅਤੇ ਰਾਹਗੀਰ | ਇਹ ਸ਼ਬਦ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕਿਸਾਨ ਕਾਂਗਰਸ ਪੰਜਾਬ ਕਮਲਜੀਤ ਬੰਗਾ ਤੇ ਗੁਰਵਿੰਦਰ ਸਿੰਘ ਭੋਗਲ ਸੀਨੀਅਰ ਕਾਂਗਰਸ ਆਗੂਆਂ ਨੇ ਵਿਸ਼ੇਸ਼ ਤੌਰ 'ਤੇ ਦੱਸਿਆ ਕਿ ਪੰਜਾਬ ਵਿਚ ਲੋਕ ਭਲਾਈ, ਵਿਕਾਸ ਕਾਰਜ ਕਰਨ ਕਰਾਉਣ ਦਾ ਕੋਈ ਸਿਸਟਮ ਨਹੀਂ ਹੈ | ਜੇ ਇਸ ਪੁਲ ਦੀ ਗੱਲ ਕਰੀਏ ਤਾਂ ਇਹ ਮਹਿਸੂਸ ਹੋ ਰਿਹਾ ਹੈ ਕਿ ਇਸ ਪੁਲ ਦਾ ਕੋਈ ਬਾਲੀ ਵਾਰਿਸ ਨਹੀਂ ਹੈ | ਬੜੇ ਲੰਮੇ ਸਮੇਂ ਤੋਂ ਇਸ ਪੁਲ ਦਾ ਕੰਮ ਚੱਲ ਰਿਹਾ ਹੈ, ਤਕਰੀਬਨ ਪੌਣਾ ਕੁ ਹਿੱਸਾ ਤਿਆਰ ਹੋ ਗਿਆ ਹੈ | ਹੁਣ ਜਿੱਥੇ ਕੋਈ ਮਸ਼ੀਨਰੀ ਜਾਂ ਮਜ਼ਦੂਰ ਕੰਮ ਨਹੀਂ ਕਰ ਰਹੇ | ਉਨ੍ਹਾਂ ਹੋਰ ਕਿਹਾ ਕਿ ਹੋ ਸਕਦਾ ਠੇਕੇਦਾਰ ਕੰਮ ਛੱਡ ਕੇ ਭੱਜ ਗਿਆ ਹੋਵੇ, ਜਿਸ ਤਰ੍ਹਾਂ ਦੇ ਹਾਲਾਤ ਨਜ਼ਰ ਆ ਰਹੇ ਹਨ | ਦੱਸਣਯੋਗ ਹੈ ਕਿ ਉਕਤ ਰੋਡ 'ਤੇ ਰਾਹਗੀਰਾਂ ਤੋਂ ਟੂਲ ਟੈਕਸ ਤਾਂ ਲਗਾਤਾਰ ਵਾਸੂਲਿਆਂ ਜਾ ਰਿਹਾ ਹੈ, ਪਰ ਰਾਹਗੀਰਾਂ ਨੂੰ ਰੋਡ ਦੀਆਂ ਸੁਵਿਧਾਵਾਂ ਨਹੀਂ ਦਿੱਤੀਆਂ ਜਾ ਰਹੀਆਂ | ਥੋੜ੍ਹਾ ਸਮਾਂ ਪਹਿਲਾਂ ਸਰਵਿਸ ਰੋਡ ਬਣਾਇਆ ਗਿਆ, ਜਿਸ ਨੂੰ ਬਣਾਉਣ ਦਾ ਜੋ ਮਟੀਰੀਅਲ ਵਰਤਿਆ ਗਿਆ ਹੈ ਸਹੀ ਨਾ ਹੋਣ ਕਾਰਨ ਥੋੜੇ੍ਹ ਦਿਨ ਬਾਅਦ ਹੀ ਇਹ ਰੋਡ ਟੁੱਟਣਾ ਸ਼ੁਰੂ ਹੋ ਗਿਆ | ਜਿੱਥੋਂ ਬਜਰੀ ਰੁੜ-ਰੁੜ ਕੇ ਕਿਨਾਰਿਆਂ 'ਤੇ ਚਲੇ ਗਈ ਹੈ, ਜਿਸ ਕਾਰਨ ਦੋ ਪਹੀਆ ਵਾਹਨ ਕਦੇ ਵੀ ਤਿਲਕ ਸਕਦੇ ਹਨ | ਉਕਤ ਸਰਵਿਸ ਰੋਡ 'ਚ ਥਾਂ-ਥਾਂ 'ਤੇ ਟੋਏ ਪੈ ਗਏ ਹਨ, ਦੋ ਪਹੀਆ ਵਾਹਨਾਂ ਦਾ ਆਉਣਾ-ਜਾਣਾ ਖ਼ਤਰੇ ਤੋਂ ਖ਼ਾਲੀ ਨਹੀਂ ਹੈ | ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਰਵਿਸ ਰੋਡ ਵਧੀਆ ਤਰੀਕੇ ਨਾਲ ਬਣਾਇਆ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰੇ ਅਤੇ ਇਸ ਪੁਲ ਨੂੰ ਜਲਦੀ ਚਾਲੂ ਕਰਵਾਇਆ ਜਾਵੇ, ਤਾਂ ਜੋ ਲੋਕ ਇਸ ਪੁਲ ਤੋਂ ਆਰਾਮ ਨਾਲ ਆ ਜਾ ਸਕਣ |