ਸੜੋਆ, 24 ਅਪ੍ਰੈਲ (ਹਰਮੇਲ ਸਹੂੰਗੜਾ)-ਥਾਣਾ ਮੁਖੀ ਪੋਜੇਵਾਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸ਼ੱਕੀ ਪੁਰਸ਼ਾਂ ਦੀ ਜਾਂਚ ਦੇ ਸਬੰਧ ਵਿਚ ਆਲੋਵਾਲ ਮੋੜ ਪਿੰਡ ਸੜੋਆ ਮੌਜੂਦ ਸੀ ਮੁਖਬਰ ਨੇ ਇਤਲਾਹ ਦਿੱਤੀ ਕਿ ਜਸਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਐਮਾ ਥਾਣਾ ਪੋਜੇਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਮਹਿੰਗੇ ਭਾਅ ਵਿਚ ਸ਼ਰਾਬ ਪਿੰਡ ਆਲੋਵਾਲ ਅੰਬਾਂ ਦੇ ਬਾਗ ਲਾਗੇ ਸੜਕ ਕਿਨਾਰੇ ਰੱਖ ਕੇ ਆਉਂਦੇ ਜਾਂਦੇ ਗਾਹਕਾਂ ਨੂੰ ਵੇਚਦਾ ਹੈ | ਜੇਕਰ ਪਿੰਡ ਆਲੋਵਾਲ ਅੰਬਾਂ ਦੇ ਬਾਗ ਲਾਗੇ ਰੇਡ ਕੀਤੀ ਜਾਵੇ ਤਾਂ ਜਸਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਐਮਾ ਨੂੰ ਸ਼ਰਾਬ ਸਮੇਤ ਕਾਬੂ ਕੀਤਾ ਜਾ ਸਕਦਾ ਹੈ | ਜਦੋਂ ਏ.ਐਸ.ਆਈ ਰਕੇਸ਼ ਕੁਮਾਰ ਤੇ ਹਰਮਨਪ੍ਰੀਤ ਕੌਰ ਸਾਥੀ ਕਰਮਚਾਰੀਆਂ ਨਾਲ ਮੁਖਬਰ ਵਲੋਂ ਦੱਸੀ ਜਗ੍ਹਾ 'ਤੇ ਰੇਡ ਕੀਤੀ ਤਾਂ ਸੜਕ ਦੇ ਕਿਨਾਰੇ ਇੱਕ ਵਿਅਕਤੀ ਥੈਲਾ ਪਲਾਸਟਿਕ ਦਾ ਲੈ ਕੇ ਬੈਠਾ ਗਾਹਕਾਂ ਦੀ ਉਡੀਕ ਕਰ ਰਿਹਾ ਸੀ ਜਿਸ ਨੂੰ ਏ.ਐਸ.ਆਈ ਨੇ ਕਰਮਚਾਰੀ ਦੀ ਮਦਦ ਨਾਲ ਕਾਬੂ ਕਰਕੇ ਉਸ ਦਾ ਨਾਂ ਪਤਾ ਪੁੱਛਿਆ ਉਸਨੇ ਆਪਣਾ ਨਾਂ ਜਸਵਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਐਮਾ ਥਾਣਾ ਪੋਜੇਵਾਲ ਦੱਸਿਆ ਜਦੋਂ ਥੈਲੇ ਦੀ ਤਲਾਸ਼ੀ ਲਈ ਤਾਂ ਉਸ ਵਿੱਚੋਂ ਸ਼ਰਾਬ ਮਾਰਕਾ 999 ਪਾਵਰ ਸਟਾਰ ਫਾਈਨ ਵਿਸਕੀ ਸੇਲ ਚੰਡੀਗੜ੍ਹ ਦੀਆਂ 18 ਬੋਤਲਾਂ ਸਮੇਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ | ਉਸ ਵਿਰੁੱਧ ਥਾਣਾ ਪੋਜੇਵਾਲ ਵਿਖੇ ਐਨ.ਪੀ.ਡੀ.ਐਸ ਐਕਟ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ |