ਮੁਕੇਰੀਆਂ, 24 ਅਪ੍ਰੈਲ (ਰਾਮਗੜ੍ਹੀਆ)-ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਚ ਧਰਤੀ ਦਿਵਸ ਮਨਾਇਆ ਗਿਆ | ਇਸ ਮੌਕੇ ਇਕ ਵਿਸ਼ੇਸ਼ ਪ੍ਰਾਰਥਨਾ ਸਭਾ ਕਰਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਭਾਗ ਲਿਆ | ਸਭਾ ਦੌਰਾਨ ਇਕ ਵਿਦਿਆਰਥੀ ਵਲੋਂ ਧਰਤੀ ਨੂੰ ਬਚਾਉਣ ਦੇ ਵਿਸ਼ੇ 'ਤੇ ਪ੍ਰੇਰਣਾਦਾਇਕ ਭਾਸ਼ਣ ਦਿੱਤਾ ਗਿਆ, ਜਿਸ ਵਿਚ ਵਾਤਾਵਰਣ ਸੁਰੱਖਿਅਤ ਦੇ ਮਹੱਤਵ ਤੇ ਰੋਜ਼ਾਨਾ ਜੀਵਨ ਵਿਚ ਅਪਣਾਏ ਜਾ ਸਕਣ ਵਾਲੇ ਛੋਟੇ-ਛੋਟੇ ਉਪਾਵਾਂ ਉਤੇ ਚਾਨਣ ਪਾਇਆ ਗਿਆ | ਪ੍ਰੋਗਰਾਮ ਦੀ ਵਿਸ਼ੇਸ਼ ਆਕਰਸ਼ਣ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਇੱਕ ਸੁੰਦਰ ਨਾਟਕ (ਐਕਟ) ਰਿਹਾ, ਜਿਸ ਨੇ ਸਭ ਨੂੰ ਭਾਵੁਕ ਕਰ ਦਿੱਤਾ ਅਤੇ ਇਹ ਸੰਦੇਸ਼ ਦਿੱਤਾ ਕਿ ਜੇ ਅਸੀਂ ਅੱਜ ਧਰਤੀ ਦੀ ਰੱਖਿਆ ਨਹੀਂ ਕਰਾਂਗੇ ਤਾਂ ਆਉਣ ਵਾਲੀਆਂ ਪੀੜੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ | ਇਸ ਮੌਕੇ ਸਕੂਲ ਵਲੋਂ ਮਾਪਿਆਂ ਨੂੰ ਪੌਦੇ ਵੰਡੇ ਗਏ | ਸਕੂਲ ਦੀ ਪਿ੍ੰਸੀਪਲ ਮੈਡਮ ਬਬੀਤਾ ਚੌਧਰੀ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ 'ਧਰਤੀ ਸਾਡੀ ਜੀਵਨਦਾਇਨੀ ਹੈ | ਇਸ ਦੀ ਰੱਖਿਆ ਕਰਨਾ ਸਾਡਾ ਫਰਜ਼ ਹੀ ਨਹੀਂ, ਸਗੋਂ ਸਾਡੀ ਜ਼ਿੰਮੇਵਾਰੀ ਵੀ ਹੈ | ਅੰਤ ਵਿਚ ਸਕੂਲ ਦੇ ਚੇਅਰਮੈਨ ਪ੍ਰੋਫੈਸਰ ਡੀ. ਵੀ. ਸ਼ਰਮਾ ਨੇ ਆਪਣੇ ਸੰਦੇਸ਼ ਵਿਚ ਕਿਹਾ,'ਧਰਤੀ ਨੂੰ ਬਚਾਉਣਾ ਕੇਵਲ ਇੱਕ ਦਿਨ ਦਾ ਕੰਮ ਨਹੀਂ ਹੈ, ਸਗੋਂ ਇਹ ਇਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ | ਇਸ ਤਰ੍ਹਾਂ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਲੋਂ ਆਯੋਜਿਤ ਇਹ ਪ੍ਰੋਗਰਾਮ ਨਾ ਸਿਰਫ ਵਿਦਿਆਰਥੀਆਂ ਲਈ ਸਿੱਖਿਆਪ੍ਰਦ ਰਿਹਾ, ਸਗੋਂ ਸਮਾਜ ਨੂੰ ਵੀ ਇਕ ਮਜ਼ਬੂਤ ਸੰਦੇਸ਼ ਦੇਣ ਵਿਚ ਸਫਲ ਰਿਹਾ |