ਨਵਾਂਸ਼ਹਿਰ, 25 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵਲੋਂ ਜ਼ਿਲ੍ਹਾ ਪ੍ਰਧਾਨ ਬਲਜੀਤ ਕੌਰ ਮੱਲਪੁਰੀ ਦੀ ਅਗਵਾਈ ਹੇਠ ਜ਼ਿਲ੍ਹਾ ਡਿਪਟੀ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਸ਼ਹੀਦ ਭਗਤ ਸਿੰਘ ਨਗਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕਰਦਿਆਂ ਹੋਇਆਂ ਧਰਨਾ ਲਗਾਇਆ ਗਿਆ | ਉਨ੍ਹਾਂ ਦੱਸਿਆ ਕਿ ਅਸੀਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਜਨਤਾ ਸਾਹਮਣੇ ਆਮ ਆਦਮੀ ਪਾਰਟੀ ਦਾ ਚਿਹਰਾ ਲਿਆਂਦੇ ਹੋਏ ਰੋਸ ਪ੍ਰਦਰਸ਼ਨ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਸੈਂਟਰ ਸਰਕਾਰ ਵੱਲੋਂ ਆਂਗਣਵਾੜੀ ਵਰਕਰਾਂ ਨੂੰ ਸਾਲ 2018 ਵਿੱਚ ਮੋਬਾਇਲ ਦਿੱਤੇ ਜਾਣੇ ਸਨ ਜੋ ਨਹੀਂ ਦਿੱਤੇ ਗਏ ਉਸ ਤੋਂ ਬਾਅਦ ਪੰਜ ਸਾਲ ਬਾਅਦ ਦੁਬਾਰਾ ਫੋਨ ਦਿੱਤੇ ਜਾਣੇ ਸਨ ਜੋ ਕਿ ਭਾਰਤ ਸਰਕਾਰ ਨੇ ਇਨ੍ਹਾ ਫੋਨਾਂ ਦਾ ਸਾਰਾ ਪੈਸਾ ਪੰਜਾਬ ਸਰਕਾਰ ਨੂੰ ਦੇ ਦਿੱਤਾ ਹੈ ਪਰ ਪੰਜਾਬ ਸਰਕਾਰ ਵੱਲੋਂ ਅੱਠ ਸਾਲਾਂ ਬਾਅਦ ਮੋਬਾਇਲ ਫੋਨ ਖਰੀਦੇ ਗਏ ਹਨ ਜੋ ਕਿ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼ਹੀਦ ਭਗਤ ਸਿੰਘ ਨਗਰ ਕੋਲ ਪਹੁੰਚ ਚੁੱਕੇ ਹਨ ਪਰ ਆਂਗਣਵਾੜੀ ਵਰਕਰਾਂ ਨੂੰ ਨਹੀਂ ਦਿੱਤੇ ਜਾ ਰਹੇ | ਸਾਨੂੰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਉਹ ਮੋਬਾਇਲ ਫੋਨ ਆਂਗਣਵਾੜੀ ਵਰਕਰਾਂ ਨੂੰ ਦੇਣ ਦੀ ਬਜਾਏ ਬੀ. ਐਲ. ਓ, ਡਰੱਗਸ ਸਰਵੇ ਆਦਿ ਕੰਮਾਂ ਲਈ ਕਿਸੇ ਹੋਰ ਮੁਲਾਜ਼ਮਾਂ ਨੂੰ ਪੰਜ ਛੇ ਮਹੀਨੇ ਲਈ ਦਿੱਤੇ ਜਾ ਰਹੇ ਹਨ ਜੋ ਕਿ ਬਹੁਤ ਗਲਤ ਹੈ ਕਿਉਂਕਿ ਆਂਗਣਵਾੜੀ ਵਰਕਰ ਦਾ ਮੋਬਾਇਲ ਭੱਤਾ ਸਲਾਨਾ 2000 ਰੁਪਏ ਹੈ ਜੋ ਕਿ ਸਿਰਫ 28 ਦਿਨ ਦਾ ਹੀ ਰਿਚਾਰਜ ਹੁੰਦਾ ਹੈ ਇਸ ਨਾਲ 13 ਮਹੀਨੇ ਬਣਦੇ ਹਨ ਜਿਸ ਨਾਲ ਇਕ ਮਹੀਨੇ ਦੇ 153.84 ਰੁਪਏ ਬਣਦੇ ਹਨ | ਇੰਨੇ ਘੱਟ ਪੈਸਿਆਂ ਨਾਲ ਕੋਈ ਵੀ ਕੰਪਨੀ ਫੋਨ ਦਾ ਰਿਚਾਰਜ ਨਹੀਂ ਕਰਦੀ ਫਿਰ ਵੀ ਆਂਗਣਵਾੜੀ ਵਰਕਰਾਂ ਲੰਬੇ ਸਮੇਂ ਤੋਂ ਆਪਣੇ ਨਿੱਜੀ ਫੋਨਾਂ ਤੋਂ ਪੋਸ਼ਣ ਟਰੈਕ ਐਪ ਵਿੱਚ ਹੋਣ ਵਾਲੇ ਕੰਮ ਜਿਵੇਂ ਸੈਂਟਰ ਨੂੰ ਓਪਨ ਕਰਨਾ ਬੱਚਿਆਂ ਦਾ ਹਾਈਟ ਵੇਟ, ਬੱਚਿਆਂ ਦੀ ਹਾਜ਼ਰੀ ਲਗਾਉਣਾ ਬੱਚਿਆਂ ਦਾ ਨਾਸ਼ਤਾ ਅਤੇ ਟੀ.ਐਚ ਆਰ ਕੱਢਣਾ ਇਵੈਂਟ ਬਣਾ ਕੇ ਫੋਨ ਉੱਪਰ ਫਿਲ ਕਰਨਾ | ਜੇਕਰ ਡੱਬਾ ਬੰਦ ਮੋਬਾਇਲ ਨਾ ਦਿੱਤੇ ਗਏ ਤਾਂ ਆਂਗਣਵਾੜੀ ਵਰਕਰਾਂ ਵਰਤੇ ਹੋਏ ਫੋਨ ਨਹੀਂ ਲੈਣਗੀਆਂ ਅਤੇ ਨਾ ਹੀ ਕੋਈ ਰਿਸੀਵਿੰਗ ਦੇਣਗੀਆਂ | ਉਨ੍ਹਾਂ ਇਹ ਵੀ ਕਿਹਾ ਕਿ ਸਰਕਾਰ ਨੇ ਸਤਾ ਵਿੱਚ ਆਉਣ ਤੋਂ ਪਹਿਲਾ ਕਿਹਾ ਸੀ ਕਿ ਉਹ ਸਤਾ ਵਿੱਚ ਆਉਂਦੇ ਹੀ ਆਂਗਣਵਾੜੀ ਵਰਕਰ ਹੈਲਪਰ ਦਾ ਮਾਣ ਭੱਤਾ ਦੁੱਗਣਾ ਕਰੇਗੀ, ਗੈਰੇਜਟੀ ਲਾਗੂ ਕਰੇਗੀ ਤੇ ਸੈਂਟਰਾਂ ਵਿੱਚ ਭਰਤੀ ਦਾ ਕੰਮ ਜਲਦੀ ਕਰੇਗੀ ਪਰ ਸਰਕਾਰ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ | ਇਸ ਪ੍ਰਦਰਸ਼ਨ ਵਿੱਚ ਨਵਾਂਸ਼ਹਿਰ ਹਲਕੇ ਤੋਂ ਇਲਾਵਾ ਬਲਾਚੌਰ ਤੋਂ, ਔੜ ਤੋਂ, ਬੰਗਾ ਤੋਂ ਭੈਣਾਂ ਸ਼ਾਮਲ ਹੋਈਆਂ | ਜਸਵੀਰ ਕੌਰ, ਕਮਲਜੀਤ ਕੌਰ, ਸੁਖਵਿੰਦਰ ਕੌਰ, ਸੰਗੀਤਾ, ਕਸ਼ਮੀਰ ਕੌਰ, ਰਜਨੀ, ਇੰਦਰਜੀਤ ਕੌਰ, ਪਰਮਜੀਤ ਕੌਰ, ਬਲਵਿੰਦਰ ਕੌਰ, ਕਾਂਤਾ ਦੇਵੀ, ਸੋਮਾ ਦੇਵੀ, ਗੁਰਬਖਸ਼ ਕੌਰ, ਦਵਿੰਦਰ ਕੌਰ, ਪਰਮਿੰਦਰ ਕੌਰ, ਮੀਨਾਕਸ਼ੀ ਆਦਿ ਹਾਜ਼ਰ ਸਨ |