ਸੜੋਆ, 25 ਅਪ੍ਰੈਲ, (ਹਰਮੇਲ ਸਹੂੰਗੜਾ)- ਡਾ. ਨੀਤਨ ਖੇਤੀਬਾੜੀ ਅਫਸਰ ਸੜੋਆ ਨੇ ਸਮੂਹ ਕਿਸਾਨਾਂ ਨੂੰ ਅਹਿਮ ਜਾਣਕਾਰੀ ਜਾਰੀ ਕਰਦਿਆਂ ਦੱਸਿਆ ਕਿ ਕਿਸਾਨ ਖੇਤੀਬਾੜੀ ਵਿਭਾਗ ਤੋਂ ਕਿਸੇ ਵੀ ਤਰਾਂ ਦੀ ਸਰਕਾਰੀ ਸਕੀਮ ਜਿਵੇਂ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਅਤੇ ਜੋ ਵੀ ਭਵਿੱਖ ਵਿੱਚ ਖਾਦ, ਖੇਤੀ ਯੰਤਰ, ਖੇਤੀ ਬੀਜ, ਖੇਤੀਬਾੜੀ ਲਈ ਦਵਾਈਆਂ ਆਦਿ ਲੈਣਾ ਚਾਹੁੰਦਾ ਹੈ, ਉਹ ਆਪਣੀ ਕਿਸਾਨ ਆਈ.ਡੀ. ਜਰੂਰ ਬਣਵਾਉਣ | ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਕਿਰਿਆ ਦਾ ਮੁੱਖ ਉਦੇਸ਼ ਕਿਸਾਨਾਂ ਦਾ ਇੱਕ ਕੇਂਦਰੀ ਡਾਟਾਬੇਸ ਤਿਆਰ ਕਰਨਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੀ ਅਤੇ ਪਾਰਦਰਸ਼ੀ ਤਰੀਕੇ ਨਾਲ ਅਸਲ ਲਾਭਪਾਤਰੀਆਂ ਤੱਕ ਪਹੁੰਚ ਸਕੇ | ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਕੇਵਲ ਉਹਨਾਂ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (ਪ੍ਰਧਾਨ ਮੰਤਰੀ ਕਿਸਾਨ) ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟਰੀ ਮੁਕੰਮਲ ਕਰ ਲਈ ਹੋਵੇਗੀ | ਇਸ ਆਈ. ਡੀ ਨੂੰ ਪੀ. ਐਮ. ਕਿਸਾਨ ਖਾਤੇ ਨਾਲ ਜੋੜਿਆ ਜਾਵੇਗਾ, ਜਿਸ ਨਾਲ ਕਿਸਾਨ ਦੀ ਪਛਾਣ ਅਤੇ ਜਮੀਨੀ ਰਿਕਾਰਡ ਦੀ ਤਸਦੀਕ ਕਰਨਾ ਸੋਖਾ ਹੋ ਜਾਵੇਗਾ | ਖੇਤੀਬਾੜੀ ਵਿਭਾਗ ਸੜੋਆ ਵਲੋਂ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਉਹ ਬਿਨਾ ਕਿਸੇ ਦੇਰੀ ਤੋਂ ਆਪਣੀ ਆਈ. ਡੀ ਨੇੜਲੇ ਕਾਮਨ ਸਰਵਿਸ ਸੈਂਟਰ ਤੋਂ ਬਣਵਾ ਸਕਦੇ ਹਨ ਜਾਂ ਖੇਤੀਬਾੜੀ ਦਫ਼ਤਰ ਸੜੋਆ ਨਾਲ ਸੰਪਰਕ ਕਰ ਸਕਦੇ ਹਨ | ਰਜਿਸਟ੍ਰੇਸ਼ਨ ਕਰਵਾਉਣ ਲਈ ਕਿਸਾਨ ਆਪਣਾ ਆਧਾਰ ਕਾਰਡ, ਆਧਾਰ ਕਾਰਡ ਨਾਲ ਜੁੜਿਆ ਫੋਨ ਅਤੇ ਜਮੀਨ ਦੀ ਫਰਦ ਨਾਲ ਲੈਕੇ ਜਾਣ ਤਾਂ ਜੋ ਮੌਕੇ 'ਤੇ ਹੀ ਆਈ. ਡੀ ਬਣਾਈ ਜਾ ਸਕੇ |