ਮਜਾਰੀ/ਸਾਹਿਬਾ, 25 ਅਪ੍ਰੈਲ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਮਿਡਲ ਸਕੂਲ ਸਾਹਦੜਾ ਵਿਖੇ ਵਿਸ਼ਵ ਮਲੇਰੀਆ ਦਿਵਸ ਮਨਾਇਆ ਗਿਆ | ਜਿਸ ਵਿੱਚ ਹੈਲਥ ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਮਲੇਰੀਆ ਦਿਵਸ ਹਰ ਸਾਲ 25 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ, ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਮਲੇਰੀਏ ਦੀ ਬਿਮਾਰੀ ਦੇ ਬਚਾਅ ਸਬੰਧੀ ਜਾਗਰੂਕ ਕਰਨਾ ਹੈ ਤੇ ਮਲੇਰੀਏ ਦੀ ਰੋਕਥਾਮ ਕਰਨਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ | ਉਨ੍ਹਾਂ ਕਿਹਾ ਕਿ ਮਲੇਰੀਆ ਬੁਖ਼ਾਰ ਮਾਦਾ ਐਨਾਫਲੀਜ਼ ਮੱਛਰਾਂ ਦੇ ਕੱਟਣ ਨਾਲ ਫੈਲਦਾ ਹੈ ਅਤੇ ਇਹ ਮੱਛਰ ਸਾਫ਼ ਖੜੇ ਦੇ ਪਾਣੀ ਦੇ ਸੋਮਿਆਂ ਵਿੱਚ ਪੈਦਾ ਹੁੰਦੇ ਹਨ | ਇਹ ਮੱਛਰ ਰਾਤ ਸਮੇਂ ਅਤੇ ਸਵੇਰ ਵੇਲੇ ਕੱਟਦੇ ਹਨ | ਮਲੇਰੀਏ ਦੇ ਲੱਛਣਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਇਸ ਵਿੱਚ ਠੰਢ ਅਤੇ ਕਾਂਬੇ ਨਾਲ ਬੁਖ਼ਾਰ ਹੋਣਾ ਤੇਜ਼ ਬੁਖ਼ਾਰ ਅਤੇ ਸਿਰ ਦਰਦ ਹੋਣਾ ਬੁਖ਼ਾਰ ਉੱਤਰਨ ਤੋਂ ਬਾਅਦ ਥਕਾਵਟ ਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਹੋ ਸਕਦੇ ਹਨ | ਮਲੇਰੀਏ ਦੇ ਬਚਾਅ ਲਈ ਆਪਣੇ ਘਰਾਂ ਦੇ ਆਲ਼ੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿਓ, ਛੱਪੜਾਂ ਦੇ ਖੜੇ ਪਾਣੀ ਵਿੱਚ ਕਾਲੇ ਤੇਲ ਦਾ ਛਿੜਕਾ ਕਰੋ, ਕੱਪੜੇ ਅਜਿਹੇ ਪਹਿਨੋ ਜਿਨ੍ਹਾਂ ਨਾਲ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ, ਤਾਂ ਕਿ ਮੱਛਰ ਤੁਹਾਨੂੰ ਕੱਟ ਨਾ ਸਕੇ | ਸੌਣ ਵੇਲੇ ਮੱਛਰਦਾਨੀ ਦੀ ਵਰਤੋਂ ਕਰੋ, ਬੁਖ਼ਾਰ ਹੋਣ 'ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਖ਼ੂਨ ਦੀ ਜਾਂਚ ਜ਼ਰੂਰ ਕਰਵਾਈ ਜਾਵੇ | ਇਸ ਮੌਕੇ 'ਤੇ ਮਲਟੀਪਰਪਜ਼ ਹੈਲਥ ਵਰਕਰ ਓਾਕਾਰ ਸਿੰਘ ਆਸ਼ਾ ਵਰਕਰਾਂ, ਸਕੂਲ ਅਧਿਆਪਕ ਆਦਿ ਹਾਜ਼ਰ ਸਨ |